June 30, 2024 4:12 am
Moosewala

ਮੋਹਾਲੀ ਪੁਲਿਸ ਅਤੇ AGTF ਨੇ ਲਾਰੇਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੋ ਕਰੀਬੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਐਸ.ਏ.ਐਸ.ਨਗਰ 14 ਜੂਨ 2022: ਐਸ.ਏ.ਐਸ.ਨਗਰ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਹੋਏ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਮੋਹਾਲੀਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗਗਨਦੀਪ ਸਿੰਘ ਉਰਫ ਗਾਗੀ ਪੁੱਤਰ ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡ ਕਿੰਗਰਾ, ਡੱਬਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਦਾਰਾ ਸਟੂਡੀਓ, ਜੁਝਾਰ ਨਗਰ, ਮੋਹਾਲੀ ਨੇੜਿਓਂ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਨਾਲ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪਾਸੋਂ ਦੋ 32 ਕੈਲੀਬਰ ਪਿਸਤੌਲ 08 ਜਿੰਦਾ ਕਾਰਤੂਸ ਅਤੇ ਇੱਕ ਸਕਾਰਪੀਓ ਗੱਡੀ ਕਾਰ ਨੰ. HR 25 4845. ਬਰਾਬਦ ਹੋਈ ਹੈ। ਉਹਨਾਂ ਖਿਲਾਫ ਥਾਣਾ ਬਲੌਂਗੀ ਜਿਲਾ ਐਸ.ਏ.ਐਸ.ਨਗਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਵਿਵੇਕ ਸ਼ੀਲ ਸੋਨੀ ਨੇ ਅੱਗੇ ਦੱਸਿਆ ਕਿ ਗਗਨਦੀਪ ਉਰਫ ਗਾਗੀ ਅਤੇ ਗੁਰਪ੍ਰੀਤ ਉਰਫ ਗੋਪੀ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਰਾਹੀਂ ਕੈਨੇਡਾ ਸਥਿਤ ਗੈਂਗਸਟਰ ਗੋਡਲੀ ਬਰਾੜ ਦੇ ਸੰਪਰਕ ਵਿੱਚ ਸਨ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਮਲਾਵਰਾਂ ਨੂੰ ਟੋਇਟਾ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ।

ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਦੋਸ਼ੀ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ ਅਤੇ ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਖੇਤਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਦੇ ਸਨ ਅਤੇ ਵਿਦੇਸ਼ੀ ਹੈਂਡਲਰ ਗੋਡਲੀ ਬਰਾੜ ਦੇ ਨਿਰਦੇਸ਼ਾਂ ‘ਤੇ ਇਹਨਾਂਂ ਨੂੰ ਸ਼ੂਟਰਾਂ ਤੱਕ ਪਹੁੰਚਾਉਂਦੇ ਸਨ।

ਸੋਨੀ ਨੇ ਦੱਸਿਆ ਕਿ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਮੁਹਾਲੀ ਪੁਲਿਸ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨਾਲ ਮਿਲ ਕੇ ਮੁਹਿੰਮ ਚਲਾਈ ਗਈ। ਗਗਨਦੀਪ ਉਰਫ ਗਾਗੀ ਅਤੇ ਗੁਰਪ੍ਰੀਤ ਉਰਫ ਗੋਪੀ ਦੋਵਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ। ਅਗਲੇਰੀ ਜਾਂਚ ਜਾਰੀ ਹੈ।