ਜੀਤੀ ਸਿੱਧੂ

ਨਗਰ ਨਿਗਮ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨਿੱਜੀ ਸੁਣਵਾਈ ਲਈ ਹੋਏ ਪੇਸ਼, ਸਰਕਾਰ ਛੇਤੀ ਲੈ ਸਕਦੀ ਹੈ ਫੈਸਲਾ

ਚੰਡੀਗੜ੍ਹ 20 ਦਸੰਬਰ 2022: ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਹੁਦੇ ਉਤੇ ਰਹਿੰਦਿਆਂ ਆਪਣੀ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਹੇਠ ਅੱਜ ਨਿੱਜੀ ਸੁਣਵਾਈ ਲਈ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਡਾ. ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਸਾਹਮਣੇ ਪੇਸ਼ ਹੋਏ |

ਇਸ ਦੌਰਾਨ ਜੀਤੀ ਸਿੱਧੂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਦੇ ਸਾਹਮਣੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ ਅਤੇ ਬਿਲਕੁਲ ਬੇਕਸੂਰ ਹਨ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਉਨ੍ਹਾਂ ਨੇ ਦਲੀਲ ਦਿੱਤੀ ਕਿ ਜਿਨ੍ਹਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਉਨ੍ਹਾਂ ਵੱਲੋਂ ਖੁਦ ਸਾਰੇ ਮਤੇ ਮੀਟਿੰਗ ਵਿੱਚ ਪਾਸ ਕੀਤੇ ਗਏ ਹਨ ਅਤੇ ਟੈਂਡਰਾਂ ਵਿਚੋਂ ਉਨ੍ਹਾਂ ਦੀ ਸੁਸਾਇਟੀ ਨੂੰ ਕਰੀਬ ਡੇਢ ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ ਹਨ ਅਤੇ ਸਭ ਤੋਂ ਘੱਟ ਰੇਟ ਭਰਕੇ ਟੈਂਡਰ ਹਾਸਲ ਕੀਤਾ ਗਿਆ ਹੈ।

ਇਸ ਪੂਰੇ ਮਾਮਲੇ ਨੂੰ ਲੈ ਕੇ ਜੀਤੀ ਸਿੱਧੂ ਤੋਂ ਬਾਅਦ ਸਥਾਨਕ ਸਰਕਾਰ ਵਿਭਾਗ ਕੁਝ ਦਿਨ ਬਾਅਦ ਫੈਸਲਾ ਲੈ ਸਕਦਾ ਹੈ ਕਿ ਜੀਤੀ ਸਿੱਧੂ ਦੀ ਮੈਂਬਰਸ਼ਿੱਪ ਖ਼ਾਰਜ ਕੀਤੀ ਜਾਂਦੀ ਹੈ ਜਾਂ ਬਰੀ ਕੀਤਾ ਜਾਂਦਾ ਹੈ |

ਜਿਕਰਯੋਗ ਹੈ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ 15 ਸਤੰਬਰ 2022 ਸਬੰਧੀ ਜੀਤੀ ਸਿੱਧੂ ਵੱਲੋਂ ਪੇਸ਼ ਕੀਤੇ ਜਵਾਬ ਮਿਤੀ 14.10.2022 ਵਿੱਚ ਨਿੱਜੀ ਸੁਣਵਾਈ ਦੇਣ ਸਬੰਧੀ ਕੀਤੀ ਬੇਨਤੀ ਨੂੰ ਵਿਚਾਰਦੇ ਹੋਏ ਸਥਾਨਕ ਸਰਕਾਰ ਮੰਤਰੀ ਵੱਲੋਂ 20 ਦਸੰਬਰ 2022 ਨੂੰ ਸ਼ਾਮ 4 ਵਜੇ ਉਨ੍ਹਾਂ ਦੇ ਦਫ਼ਤਰ, ਪੰਜਾਬ ਮਿਊਂਸਪਲ ਭਵਨ, ਸੈਕਟਰ 35 ਚੰਡੀਗੜ੍ਹ ਵਿਖੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ।

Scroll to Top