ਐਸ.ਏ.ਐਸ ਨਗਰ 13 ਅਕਤੂਬਰ 2023: ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਸ਼ੁੱਕਰਵਾਰ ਨੂੰ ਪੰਜਾਬੀ ਭਾਸ਼ਾ (Punjabi language) ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਸਾਹਿਤਕਾਰਾਂ, ਲੇਖਕਾਂ ਅਤੇ ਪਾਠਕਾਂ ਨਾਲ ਜਾਗਰੂਕਤਾ ਮੁਹਿੰਮ ਵਜੋਂ ਮਿਲਣੀ ਕੀਤੀ ਗਈ। ਇਸ ਮਿਲਣੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਅਨੇਕ ਨਾਮਵਰ ਸ਼ਖਸੀਅਤਾਂ ਵੱਲੋਂ ਭਾਗ ਲਿਆ ਗਿਆ।
ਮਿਲਣੀ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸਮੂਹ ਅਦਾਰਿਆਂ ਅਤੇ ਸੰਸਥਾਵਾਂ ਦੇ ਨਾਂ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਸ੍ਰੋਤਿਆਂ ਨੂੰ ਜਾਣੂ ਕਰਵਾਇਆ ਗਿਆ।
ਡਾ. ਬੋਹਾ ਵੱਲੋਂ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ ਵਿਭਾਗਾਂ/ ਅਦਾਰਿਆਂ/ ਸੰਸਥਾਵਾਂ/ ਵਿੱਦਿਅਕ ਅਦਾਰਿਆਂ/ ਬੋਰਡਾਂ/ ਨਿਗਮਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ/ ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ ਮੀਲ ਪੱਥਰ/ ਨਾਮ ਪੱਟੀਆਂ/ ਸਾਈਨ ਬੋਰਡ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ 21 ਨਵੰਬਰ 2023 ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਭਾਸ਼ਾ (Punjabi language) ਵਿੱਚ ਲਿਖਾਏ ਜਾਣ ਦੀ ਅਪੀਲ ਕੀਤੀ ਗਈ ਅਤੇ ਇਸ ਸ਼ੁੱਭ ਕਾਰਜ ਨੂੰ ਇੱਕ ਲੋਕ ਲਹਿਰ ਬਣਾਉਣ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ, ਸਾਹਿਤਕਾਰਾਂ, ਸਾਹਿਤ ਸਭਾਵਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਪ੍ਰੋ. ਜਲੌਰ ਸਿੰਘ ਖੀਵਾ ਵੱਲੋਂ ਆਪਣੇ ਵਿਚਾਰ ਰੱਖਦਿਆਂ ਕਿਹਾ ਗਿਆ ਕਿ ਪੰਜਾਬੀ ਭਾਸ਼ਾ ਨਹੀਂ ਸਗੋਂ ਬੋਲੀ ਹੈ ਅਤੇ ਲੋਕ ਸਾਹਿਤ ਨੂੰ ਪੜ੍ਹੇ ਬਿਨਾ ਪੰਜਾਬੀ ਨਹੀਂ ਸਿੱਖੀ ਜਾ ਸਕਦੀ। ਡਾ. ਸਰਬਜੀਤ ਕੌਰ ਸੋਹਲ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਵਿਸ਼ਵ ਪੱਧਰ ਦੀ ਭਾਸ਼ਾ ਬਣਾਉਣ ਲਈ ਤਕਨੀਕ ਨਾਲ ਜੋੜਨਾ ਸਮੇਂ ਦੀ ਲੋੜ ਹੈ। ਨਵਦੀਪ ਸਿੰਘ ਗਿੱਲ ਵੱਲੋਂ ਆਖਿਆ ਗਿਆ ਕਿ ਸਾਨੂੰ ਆਪਣੇ ਪੱਧਰ ਤੇ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬੀ ਬਜ਼ਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇਗੀ।
ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਵੱਲੋਂ ਕਿਹਾ ਗਿਆ ਕਿ ਪੰਜਾਬੀ ਦੇ ਪ੍ਰਸਾਰ ਲਈ ਪੰਜਾਬੀਆਂ ਨੂੰ ਜੱਥੇਬੰਦਕ ਤੌਰ ‘ਤੇ ਕੰਮ ਕਰਨ ਦੀ ਲੋੜ ਹੈ। ਸਤਵਿੰਦਰ ਸਿੰਘ ਧੜਾਕ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਭਾਸ਼ਾਈ ਵਰਕਸ਼ਾਪਾਂ ਉਲੀਕਣ ਦੇ ਨਾਲ-ਨਾਲ ਪੰਜਾਬੀ ਨੂੰ ਵਿਗਿਆਨ ਅਤੇ ਤਕਨੀਕ ਦੀ ਭਾਸ਼ਾ ਬਣਾਉਣ ਦੀ ਲੋੜ ਹੈ।
ਸੁਰਜੀਤ ਸੁਮਨ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਪੰਜਾਬੀ ਤੋਂ ਫਾਸਲਾ ਨਾ ਥਾਪਣ। ਡਾ. ਸੰਜੇ ਰਾਮਨ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਮਾਪਿਆਂ ਨੂੰ ਯਤਨਸ਼ੀਲ ਹੋਣ ਦੀ ਲੋੜ ਹੈ। ਸਤਵੀਰ ਸਿੰਘ ਧਨੋਆ ਵੱਲੋਂ ਕਿਹਾ ਗਿਆ ਕਿ ਪੰਜਾਬੀ ਨੂੰ ਘਰ-ਘਰ ਦੀ ਬੋਲੀ ਬਣਾਉਣ ਲਈ ਲੋਕ ਲਹਿਰ ਚਲਾਉਣੀ ਚਾਹੀਦੀ ਹੈ।
ਇਸ ਮਿਲਣੀ ਵਿਚ ਸ਼ਾਮਲ ਪੰਜਾਬੀ ਹਿਤੈਸ਼ੀਆਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਪੂਰੀ ਊਰਜਾ ਨਾਲ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਯਤਨ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਪੀਲ ਕਰਨਗੇ।
ਅੱਜ ਦੀ ਇਸ ਮਿਲਣੀ ਦੌਰਾਨ ਰਾਜਿੰਦਰ ਕੌਰ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਮਟੌਰ ਵਾਲਾ, ਦਿਲਪ੍ਰੀਤ ਚਹਿਲ, ਜਗਤਾਰ ਸਿੰਘ ਜੋਗ, ਹਰਮਨ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਸ਼ਿਰਕਤ ਕਰਦਿਆਂ ਵਿਭਾਗ ਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਉਹ 21 ਨਵੰਬਰ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਵਿੱਚ ਲਿਖਾਉਣ ਲਈ ਲੋਕਾਂ ਤੱਕ ਪਹੁੰਚ ਕਰਨਗੇ। ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਅੱਜ ਦੀ ਮਿਲਣੀ ਵਿੱਚ ਭਾਗ ਲੈਣ ਵਾਲੇ ਸਾਰੇ ਨੁਮਾਇੰਦਿਆਂ ਦਾ ਮਿਲਣੀ ਸਮਾਗਮ ਵਿਚ ਪਹੁੰਚਣ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ।