ਮੋਹਾਲੀ, 15 ਅਗਸਤ, 2023: ਕੈਬਿਨਟ ਮੰਤਰੀ ਅਮਨ ਅਰੋੜਾ ਨੇ ਅੱਜ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6,ਮੋਹਾਲੀ (Mohali) ਵਿਖੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੀ ਹਾਜ਼ਰ ਰਹੇ | ਇਸ ਦੌਰਾਨ ਮੋਹਾਲੀ ਦੇ ਵਾਸੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਪੁੱਜੇ ਅਤੇ ਤਿਰੰਗੇ ਝੰਡੇ ਨੂੰ ਸਨਮਾਨ ਦਿੱਤਾ |
ਇਸ ਮੌਕੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਦੁਆਰਾ ਮਾਰਚ ਕੱਢਿਆ ਗਿਆ । ਅਮਨ ਅਰੋੜਾ ਨੇ ਆਪਣੇ ਭਾਸ਼ਣ ਵਿੱਚ ਸ਼ਹੀਦਾਂ ਨੂੰ ਯਾਦ ਕਰਦਿਆਂ ਸਰਧਜਾਂਲੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਪੰਜਾਬੀਆਂ ਦਾ ਯੋਗਦਾਨ ਰਿਹਾ ਹੈ, ਇਸਦੇ ਨਾਲ ਅਨੇਕਾਂ ਦੇਸ਼ ਭਗਤਾਂ ਦੇ ਤਿਆਗ ਅਤੇ ਸੰਘਰਸ਼ ਕਾਰਨ ਦੇਸ਼ ਨੂੰ ਆਜ਼ਾਦੀ ਮਿਲੀ ਹੈ | ਇਸਦੇ ਨਾਲ ਹੀ ਅਮਨ ਅਰੋੜਾ ਨੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਤਿਆਰ ਹੈ, ਆਮ ਆਦਮੀ ਪਾਰਟੀ ਸਰਕਾਰ ਆਪਣੀਆਂ ਨੀਤੀਆਂ ‘ਤੇ ਚੋਣ ਲੜੇਗੀ | ਇਸਦੇ ਨਾਲ ਹੀ ਅਮਨ ਅਰੋੜਾ ਨੇ ਐਲਾਨ ਕੀਤਾ ਹੈ ਕਿ ਮੋਹਾਲੀ ਨੂੰ ਛੇਤੀ ਹੀ ਸਿਟੀ ਬੱਸ ਸਰਵਿਸ ਦਾ ਤੋਹਫ਼ਾ ਮਿਲੇਗਾ | ਇਸ ਮੌਕੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ 77ਵੇਂ ਆਜ਼ਾਦੀ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆ | ਉਨ੍ਹਾਂ ਕਿਹਾ ਅੱਜ ਦੇ ਪਵਿੱਤਰ ਦਿਨ ਦੇਸ਼ ਨੂੰ ਆਜ਼ਾਦੀ ਮਿਲੀ | ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ, ਅੱਗੇ ਵੀ ਕਰਦਾ ਰਹੇਗਾ |
ਅਮਨ ਅਰੋੜਾ ਵੱਲੋਂ ਮੋਹਾਲੀ (Mohali) ਵਿੱਚ ਸਿਟੀ ਬੱਸ ਸਰਵਿਸ ਦੇ ਐਲਾਨ ‘ਤੇ ਸ. ਕੁਲਵੰਤ ਸਿੰਘ ਨੇ ਧੰਨਵਾਦ ਕੀਤਾ | ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੇਅਰ ਹੁੰਦਿਆਂ ਪ੍ਰੋਜੈਕਟ ਸ਼ੁਰੂ ਹੋਇਆ ਸੀ,ਪਰ ਸਮੇਂ ਦੀ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ | ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਿਨਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਛੇਤੀ ਹੀ ਸਿਟੀ ਬੱਸ ਸਰਵਿਸ ਦਾ ਪ੍ਰੋਜੈਕਟ ਨੇਪਰੇ ਚੜਨ ਜਾ ਰਿਹਾ ਹੈ | ਇਸ ਨਾਲ ਮੋਹਾਲੀ ਵਿੱਚ ਲੋਕਾਂ ਨੂੰ ਟ੍ਰੈਫਿਕ ਤੋਂ ਨਿਜ਼ਾਤ ਮਿਲੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰਿਆਂ ਲਈ ਛੱਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯੋਜਨਾ ਦੇ ਪਹਿਲੇ ਪੜਾਅ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਮੋਹਾਲੀ ਸ਼ਹਿਰ ਵਿੱਚ 1000 ਫਲੈਟਾਂ ਦੀ ਉਸਾਰੀ ਛੇਤੀ ਕੀਤੀ ਜਾਵੇਗੀ।