ਐੱਸ.ਏ.ਐੱਸ ਨਗਰ, 7 ਦਸੰਬਰ, 2023: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਥਿਆਰਬੰਦ ਸੈਨਾ ਝੰਡਾ ਦਿਵਸ ਮਿਤੀ 07 ਦਸੰਬਰ 2023 ਨੂੰ ਮਨਾਇਆ ਗਿਆ। ਇਸ ਦਿਨ ਸਮੂਹ ਦੇਸ਼ਵਾਸੀ ਅਤੇ ਖਾਸ ਕਰਕੇ ਪੰਜਾਬ ਦੇ ਲੋਕ ਸਾਡੀਆਂ ਸੈਨਾਵਾਂ ਵਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਇਸ ਦਿਨ ਤੇ ਵੱਖ-ਵੱਖ ਲੜਾਈਆਂ/ਉਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਜ਼ਖਮੀ ਹੋਏ ਸਾਬਕਾ ਸੈਨਿਕਾਂ ਦੀ ਮੱਦਦ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ।
ਝੰਡਾ ਫੰਡ ਇਕੱਠਾ ਕਰਨ ਦੀ ਰਸਮ ਦੀ ਸ਼ੁਰੂਆਤ ਅੱਜ ਮਿਤੀ 07 ਦਸੰਬਰ 2023 ਨੂੰ ਸਭ ਤੋਂ ਪਹਿਲਾਂ ਇੰਦਰਪਾਲ, ਪੀ.ਸੀ.ਐਸ, ਚੀਫ ਮਨਿਸਟਰ ਫੀਲਡ ਅਫਸਰ ਮੋਹਾਲੀ ਨੂੰ ਕਮਾਂਡਰ (ਸੇਵਾ ਮੁਕਤ) ਬਲਜਿੰਦਰ ਵਿਰਕ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਮੋਹਾਲੀ ਨੇ ਝੰਡਾ ਲਗਾ ਕੇ ਸ਼ੁਰੂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵੱਲੋਂ ਝੰਡਾ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਨ ਹਿੱਤ ਇੱਕ ਸਾਇਕਲ ਰੈਲੀ ਵਾਪਸੀ ਉਪਰੰਤ ਚੰਡੀਗੜ੍ਹ ਰਵਾਨਾ ਕੀਤੀ ਗਈ। ਇਹ ਸਾਇਕਲ ਰੈਲੀ ਮਿਤੀ 07 ਨਵੰਬਰ 2023 ਨੂੰ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੰਡੀਗੜ੍ਹ ਤੋਂ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤੀ ਗਈ ਸੀ।
ਇਹ ਸਾਈਕਲ ਰੈਲੀ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਇੰਦਰਪਾਲ, ਪੀ.ਸੀ.ਐਸ, ਚੀਫ ਮਨੀਸਟਰ ਫੀਲਡ ਅਫਸਰ ਅਤੇ ਕਮਾਂਡਰ (ਸੇਵਾਮੁਕਤ) ਬਲਜਿੰਦਰ ਵਿਰਕ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਐਸ.ਏ.ਐਸ.ਨਗਰ ਵੱਲੋਂ ਸੁਪਰਡੰਟ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਐਸ.ਏ.ਐਸ.ਨਗਰ, ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਵਾਰ ਮੈਮੋਰੀਅਲ, ਬੋਗਨਵਿਲੀਆ ਪਾਰਕ, ਚੰਡੀਗੜ੍ਹ ਲਈ ਰਵਾਨਾ ਕੀਤੀ ਗਈ। ਇਸ ਮੌਕੇ ਇੰਦਰਪਾਲ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੀ ਤਰਫੋਂ 06 ਲਾਭਪਾਤਰੀ ਨਾਨ-ਪੈਨਸ਼ਨਰਾਂ/ਵਿਧਵਾਵਾਂ ਨੂੰ 90,000/- ਰੁਪਏ (ਕੇਵਲ ਨੱਬੇ ਹਜ਼ਾਰ ਰੁਪਏ) ਦੇ ਚੈੱਕ ਵੀ ਸੌਂਪੇ ਗਏ।