Site icon TheUnmute.com

ਮੋਹਾਲੀ: ਸਰਕਾਰੀ ਹਾਈ ਸਕੂਲ ਫੇਜ਼-5 ਵਿਖੇ ਪੇਵਰ ਬਲਾਕ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਕੀਤਾ ਸਮਰਪਿਤ

Government High School

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਰਕਾਰੀ ਹਾਈ ਸਕੂਲ (Government High School) ਫੇਜ਼-5, ਮੋਹਾਲੀ ਵਿਖੇ ਪੇਵਰ ਬਲਾਕ ਲਾਉਣ ਦਾ ਪ੍ਰੋਜੈਕਟ ਮੁਕੰਮਲ ਹੋਣ ‘ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਉਦਘਾਟਨ ਉਪਰੰਤ ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ। ਇਸ ਪ੍ਰੋਜੈਕਟ ਉੱਤੇ ਕਰੀਬ 03 ਲੱਖ 60 ਹਜ਼ਾਰ ਰੁਪਏ ਖਰਚੇ ਗਏ ਹਨ, ਜਿਸ ਲਈ ਚੇਅਰਪਰਸਨ ਪ੍ਰਭਜੋਤ ਕੌਰ ਵੱਲੋਂ ਡੀ.ਪੀ.ਸੀ. ਫੰਡ ਵਿਚੋਂ ਪੈਸੇ ਦਿੱਤੇ ਗਏ ਸਨ।

ਇਸ ਮੌਕੇ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਕੂਲ (Government High School) ਦੇ ਮੁੱਖ ਗੇਟ ਤੋਂ ਲੈ ਕੇ ਕਲਾਸ ਰੂਮਜ਼ ਤੱਕ ਦੀ ਥਾਂ ਕੱਚੀ ਹੋਣ ਕਾਰਨ ਬਰਸਾਤਾਂ ਵਿੱਚ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਪੇਵਰ ਲੱਗਣ ਨਾਲ ਇਹ ਮੁਸ਼ਕਲ ਹੱਲ ਹੋ ਗਈ ਹੈ।

ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਨ ਨੇ ਦੱਸਿਆ ਕਿ ਉਹਨਾਂ ਦਾ ਬਚਪਨ ਇਸੇ ਫੇਜ਼ ਵਿੱਚ ਬੀਤਿਆ ਹੈ ਤੇ ਜਦੋਂ ਵੀ ਉਹ ਇਸ ਸਕੂਲ ਵਿੱਚ ਵੋਟ ਪਾਉਣ ਆਉਂਦੇ ਸਨ ਤਾਂ ਬੁਨਿਆਦੀ ਢਾਂਚੇ ਸਬੰਧੀ ਹਲਾਤ ਮਾੜੇ ਸਨ ਪਰ ਹੁਣ ਹਾਲਤ ਬਿਹਤਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਜਿੰਨੇ ਵੀ ਫੰਡ ਉਹਨਾਂ ਕੋਲ ਹਨ, ਉਹਨਾਂ ਵਿਚੋਂ ਬਹੁਤਾਤ ਸਿੱਖਿਆ ਢਾਂਚੇ ਉੱਤੇ ਹੀ ਖਰਚੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦਾ ਰੁਝਾਨ ਵੱਧ ਰਿਹਾ ਹੈ ਤੇ ਇਸ ਸਕੂਲ ਵਿੱਚ ਪਹਿਲਾਂ ਵਿਦਿਆਰਥੀਆਂ ਦੀ ਗਿਣਤੀ 290 ਸੀ ਤੇ ਹੁਣ 350 ਹੋ ਗਈ ਹੈ। 30 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਵੀ ਇਸ ਸਕੂਲ ਵਿੱਚ ਆਏ ਹਨ।

ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਸੂਬੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਉਡਾਣ ਭਰੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦਾ ਰੁਖ਼ ਬਦਲਣ ਨਾਲ ਰੁਝਾਨ ਬਦਲ ਜਾਂਦਾ ਹੈ। ਪਿਛਲੀਆਂ ਸਰਕਾਰਾਂ ਦਾ ਉਦੇਸ਼ ਸਿੱਖਿਆ ਸੁਧਾਰ ਨਹੀਂ ਸੀ। ਦੂਜੇ ਪਾਸੇ ਦਿੱਲੀ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਟੌਪ ਕਰ ਰਹੇ ਹਨ। ਪੰਜਾਬ ਵਿੱਚ ਵੀ ਸਕੂਲਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਸਿੱਖਿਆ ਕ੍ਰਾਂਤੀ ਲਈ ਵੱਡੇ ਪੱਧਰ ਉੱਤੇ ਕਦਮ ਚੁੱਕੇ ਜਾ ਰਹੇ ਹਨ।

ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਦੇ ਲਈ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਪੜ੍ਹਾਈ ਦਾ ਮਿਆਰ ਅਤੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜਿਆ ਗਿਆ, ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਦੇ ਆਤਮ -ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਉਹ ਸਫਲਤਾ ਹਾਸਿਲ ਕਰ ਸਕਣ।

ਪ੍ਰਭਜੋਤ ਕੌਰ ਨੇ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਵਾਸਤੇ ਯਤਨਸ਼ੀਲ ਹੈ, ਜਿਸ ਵਿੱਚ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਦੇ ਸੁਧਾਰ ਵਾਸਤੇ ਵੀ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਪ੍ਰਿੰਸੀਪਲ ਭਾਰਤ ਭੂਸ਼ਨ ਬੇਰੀ, ਰਣਜੀਤਪਾਲ ਸਿੰਘ ਪ੍ਰਧਾਨ ਟ੍ਰੇਡ ਵਿੰਗ ਆਪ, ਸਵਰਨ ਲਤਾ ਸਕੱਤਰ ਮਹਿਲਾ ਵਿੰਗ ਆਪ, ਅਮਰਜੀਤ ਸਿੰਘ ਸਕੱਤਰ ਲੀਗਲ ਵਿੰਗ ਆਪ, ਅਨਵਰ ਅਲੀ ਪ੍ਰਧਾਨ ਘੱਟ ਗਿਣਤੀ ਵਿੰਗ, ਰਾਜੇਸ਼ ਰਾਣਾ ਬਲਾਕ ਪ੍ਰਧਾਨ ਆਪ, ਮਗਨ ਲਾਲ ਬਲਾਕ ਪ੍ਰਧਾਨ ਆਪ, ਪ੍ਰਭਜੋਤ ਕੌਰ ਜਯੋਤੀ ਬਲਾਕ ਪ੍ਰਧਾਨ ਆਪ, ਗੁਰਚਰਨ ਸਿੰਘ, ਨਿਰਮੈਲ ਸਿੰਘ, ਸੁਰਿੰਦਰ ਮਟੌਰ ਸਮੇਤ ਅਧਿਆਪਕ ਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

Exit mobile version