ਚੰਡੀਗੜ੍ਹ, 21 ਅਕਤੂਬਰ 2024: ਮੋਗਾ ਪੁਲਿਸ (Moga Police) ਨੇ ਬਦਮਾਸ਼ ਲੱਕੀ ਪਟਿਆਲ ਅਤੇ ਲਾਰੈਂਸ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ 6 ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ | ਇਸ ਕਾਰਵਾਈ ਦੀ ਪੁਸ਼ਟੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ|
ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਇਹ ਮੁਲਜ਼ਮ ਮੋਗਾ (Moga ) ਦੇ ਇੱਕ ਵਪਾਰੀ ਤੋਂ ਪੈਸੇ ਵਸੂਲਣ ਦੀ ਯੋਜਨਾ ਬਣਾ ਰਹੇ ਸਨ | ਡੀਜੀਪੀ ਮੁਤਾਬਕ ਫੜੇ ਗਏ ਮੁਲਜ਼ਮ ਦੋ ਵੱਖ-ਵੱਖ ਗੈਂਗਾਂ ਨਾਲ ਜੁੜੇ ਹੋਏ ਹਨ। ਇਸ ਮਾਮਲੇ ‘ਚ ਦੋ ਵੱਖ-ਵੱਖ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ ਉਕਤ ਮੁਲਜ਼ਮਾਂ ‘ਚੋਂ ਇੱਕ ਲੱਕੀ ਪਟਿਆਲਾ ਦੇ ਸਿੱਧੇ ਸੰਪਰਕ ‘ਚ ਸੀ।
ਜਦਕਿ ਦੂਜੇ ਮੁਲਜ਼ਮ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਦੇ ਮਨਪ੍ਰੀਤ ਉਰਫ਼ ਮਨੀ ਨਾਲ ਸੀ। ਉਹਨਾਂ ਕਿਹਾ ਕਿ ਇਹ ਦੋਵੇਂ ਗੈਂਗ ਇੱਕ ਦੂਜੇ ਦੇ ਵਿਰੋਧੀ ਹਨ। ਪੁਲਿਸ ਹੁਣ ਜਾਂਚ ‘ਚ ਜੁਟੀ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮ ਹਥਿਆਰ ਕਿੱਥੋਂ ਲੈ ਕੇ ਆਏ ਸਨ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।