ਮੋਗਾ 17 ਅਕਤੂਬਰ 2022: ਮੋਗਾ ਵਿਖੇ ਜ਼ਮੀਨ ਅਧਿਕਰਨ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਬਕਾ ਵਿਧਾਇਕ ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਦੋਸ਼ ਲਾਏ ਸਨ | ਇਨ੍ਹਾਂ ਦੋਸ਼ਾਂ ਖਿਲਾਫ਼ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਵੱਲੋਂ ਹਰਪਾਲ ਸਿੰਘ ਚੀਮਾ ਖਿਲਾਫ਼ ਮਾਣਹਾਨੀ ਦੇ ਕੇਸ ਕੀਤਾ ਗਿਆ ਸੀ |
ਇਸਦੇ ਨਾਲ ਹੀ ਅਪਰਾਧਿਕ ਸ਼ਿਕਾਇਤ ਅਤੇ ਮਾਣਹਾਨੀ ਦੇ ਕੇਸ ਵਿਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਦੀ ਅਦਾਲਤ ਵਲੋਂ ਇੰਡੀਅਨ ਪੀਨਲ ਕੋਡ ਦੀ ਧਾਰਾਵਾਂ 499 ਅਤੇ 500 ਤਹਿਤ ਹਰਪਾਲ ਸਿੰਘ ਚੀਮਾ ਨੂੰ ਬਤੌਰ ਦੋਸ਼ੀ 15 ਨਵੰਬਰ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਸੰਮਨ ਭੇਜਿਆ ਹੈ ।
ਹਰਜੋਤ ਦੇ ਵਕੀਲ ਸ. ਹਰਦੀਪ ਸਿੰਘ ਲੋਧੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨ ਅਧਿਗ੍ਰਹਿਣ ਮਾਮਲੇ ‘ਚ ਚੀਮਾ ਨੇ ਚੰਡੀਗੜ੍ਹ ਵਿਖੇ 10 ਜੂਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ’ਤੇ 350 ਕਰੋੜ ਦੇ ਘਪਲੇ ਦਾ ਦੋਸ਼ ਲਗਾਇਆ ਸੀ ਜਦਕਿ ਸਾਬਕਾ ਵਿਧਾਇਕ ਹਰਜੋਤ ਕਮਲ ਨੇ 15 ਜੂਨ ਨੂੰ ਚੀਮਾ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਸੀ ।
ਸ. ਹਰਦੀਪ ਸਿੰਘ ਲੋਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਚੀਮਾ ਵੱਲੋਂ ਨਵੀਂ ਨਿਰਮਾਣ ਹੋ ਰਹੀ ਨੈਸ਼ਨਲ ਹਾਈਵੇਅ 105 ਬੀ ਲਈ ਮੋਗਾ ਵਿਖੇ ਜ਼ਮੀਨ ਅਧਿਕਰਨ ਦੌਰਾਨ ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਮੋਗਾ ਦੇ ਸਾਬਕਾ ਵਿਧਾਇਕ ਹਰਜੋਤ ਕਮਲ ਨੇ ਚੀਮਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਮਹਿਜ਼ ਉਹਨਾਂ ਦੀ ਛਵੀ ਖਰਾਬ ਕਰਨ ਲਈ ਮਨਘੜਤ ਬੇਸਮਝੀ ਵਾਲੀ ਸਾਜਸ਼ ਕਰਾਰ ਦਿੰਦਿਆਂ ਮਾਣਹਾਨੀ ਦਾ ਨੋਟਿਸ ਭੇਜਿਆ ਸੀ |
ਪਰ ਚੀਮਾ ਵੱਲੋਂ ਕੋਈ ਜਵਾਬ ਨਾ ਦਿੱਤੇ ਜਾਣ ਉਪਰੰਤ ਡਾ. ਹਰਜੋਤ ਨੇ ਚੀਮਾ ਖਿਲਾਫ਼ ਅਪਰਾਧਿਕ ਮੁਕੱਦਮਾ ਦਾਇਰ ਕਰ ਦਿੱਤਾ ਸੀ ਤੇ ਇਸੇ ਪਰਿਕਿਰਿਆ ਦੌਰਾਨ ਹਰਜੋਤ ਕਮਲ ਅਤੇ ਸਾਬਕਾ ਸਰਪੰਚ ਅਜੀਤਵਾਲ ਰਾਕੇਸ਼ ਕੁਮਾਰ ਵੱਲੋਂ ਪੇਸ਼ ਹੁੰਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼੍ਰੀ ਅਰੁਨ ਸ਼ੋਰੀ ਜੂਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਵਾਏ ਸਨ ।
ਜ਼ਿਕਰਯੋਗ ਹੈ ਕਿ 10 ਜੂਨ 2020 ਨੂੰ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਨਫਰੰਸ ਕਰਕੇ ਹਰਜੋਤ ਕਮਲ ’ਤੇ ਦੋਸ਼ ਲਗਾਏ ਗਏ ਸਨ ਅਤੇ ਇਸ ਪ੍ਰੈਸ ਕਾਨਫਰੰਸ ਦਾ ਪ੍ਰਸਾਰਨ ਵੱਖ ਵੱਖ ਚੈਨਲਾਂ ਵੱਲੋਂ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਅਖਬਾਰਾਂ ਵਿਚ ਵੀ ਇਸ ਬਾਰੇ ਛਪਿਆ ਗਿਆ ਸੀ ।