July 5, 2024 8:03 am
40 ਪੈਸੇ ਕਿਲੋ ਕਣਕ

40 ਪੈਸੇ ਕਿਲੋ ਕਣਕ ਦਾ ਭਾਅ ਵਧਾਕੇ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੀ ਹੈ : ਰਾਜੂ ਖੰਨਾ, ਸ਼ਰਧਾ ਛੰਨਾ

ਚੰਡੀਗੜ੍ਹ ,10 ਸਤੰਬਰ 2021 : ਕਿਸਾਨਾਂ ਦੀ ਆਮਦਨ 2022 ਵਿੱਚ ਦੁੱਗਣੀ ਕਰਨ ਦੀ ਗੱਲ ਕਰਨ ਵਾਲੀ ਮੋਦੀ ਸਰਕਾਰ ਕਣਕ ਦਾ ਭਾਅ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਕਿਉਂਕਿ ਮੋਦੀ ਸਰਕਾਰ ਵੱਲੋਂਂ ਜੋ ਕਣਕ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ ਉਹ ਸਿਰਫ 40 ਪੈਸੇ ਕਿਲੋ ਦੇ ਹਿਸਾਬ ਨਾਲ ਕੀਤਾ ਗਿਆ ਹੈ।

ਉਪਰੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀਆ ਗੱਲਾ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕਿਸਾਨ ਆਗੂ ਸ਼ਰਧਾ ਸਿੰਘ ਛੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਚੋਣਾਂ ਸਮੇਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਫਸਲਾਂ ਦੇ ਭਾਅ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਣਗੇ।ਪਰ ਕੇਦਰ ਸਰਕਾਰ ਵੱਲੋਂ ਕਣਕ ਤੇ ਆਈ ਲਾਗਤ ਮੁਤਾਬਿਕ ਵੀ ਕਣਕ ਦਾ ਭਾਅ ਨਹੀ ਦਿੱਤਾ ਗਿਆ। ਉਹਨਾਂ ਕਿਹਾ ਕਿ 40 ਪੈਸੇ ਕਿਲੋ ਕਣਕ ਦਾ ਭਾਅ ਦੇ ਕੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।

ਉਹਨਾਂ ਕਿਹਾ ਕਿ ਜਿਥੇ ਪੰਜਾਬ ਦਾ ਕਿਸਾਨ ਹੀ ਨਹੀ ਸਗੋਂ ਦੇਸ ਦਾ ਕਿਸਾਨ ਕਾਲ਼ੇ ਕਾਨੂੰਨਾਂ ਦੀ ਮਾਰ ਝੱਲ ਰਿਹਾ ਉਥੇ ਖੇਤੀ ਜਿਣਸਾਂ ਦੇ ਭਾਅ ਵਿੱਚ ਵੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਵੱਡਾ ਧੱਕਾ ਕੀਤਾ ਜਾ ਰਿਹਾ ਹੈ। ਰਾਜੂ ਖੰਨਾ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਣਕ ਦੇ ਭਾਅ ਵਿੱਚ ਵਾਧਾ ਕਰਨਾਂ ਹੀ ਸੀ ਤਾ ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਕਰਨਾਂ ਚਾਹੀਦਾ ਸੀ।

ਉਹਨਾਂ ਕੇਦਰ ਸਰਕਾਰ ਵੱਲੋਂ ਕਿਸਾਨਾਂ ਨਾਲ਼ ਹਰ ਮਸਲੇ ਤੇ ਕੀਤੇ ਜਾ ਰਹੇ ਧੱਕਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਵਿੱਚ 80 ਪ੍ਰਤੀਸ਼ਤ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਕਾਲ਼ੇ ਕਾਨੂੰਨ ਥੋਪ ਕੇ ਬਰਬਾਦ ਕੀਤਾ ਜਾ ਰਿਹਾ ਹੈ। ਤੇ ਦਿੱਲੀ ਵਿਖੇ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਕਿਸਾਨਾਂ ਦੀਆਂ 600 ਤੋ ਵੱਧ ਸ਼ਹਾਦਤਾਂ ਹੋ ਚੁੱਕੀਆਂ ਹਨ।

ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਰਾਜੂ ਖੰਨਾ ਨੇ ਹਲਕਾ ਅਮਲੋਹ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਕਿਸਾਨ ਮੋਰਚਾ ਦਿੱਲੀ ਦਾ ਪੂਰਨ ਸਾਥ ਦੇਣ ਲਈ ਵੱਡੀ ਗਿਣਤੀ ਵਿੱਚ ਦਿੱਲੀ ਮੋਰਚੇ ਵਿੱਚ ਪੁੱਜਣ ਤਾ ਜੋ ਕੇਦਰ ਸਰਕਾਰ ਤੇ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ।

ਇਸ ਮੌਕੇ ਤੇ ਉਹਨਾਂ ਨਾਲ ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਰਣਜੀਤ ਸਿੰਘ ਪਹੇੜੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਕਸ਼ਮੀਰਾ ਸਿੰਘ ਸੋਨੀ, ਪ੍ਰਧਾਨ ਨੀਟਾ ਪਹੇੜੀ,ਯੂਥ ਆਗੂ ਹਰਿੰਦਰ ਸਿੰਘ ਸੇਖੋਂ, ਰੇਸ਼ਮ ਸਿੰਘ ਛੰਨਾ, ਸੁਖਚੈਨ ਸਿੰਘ ਦੀਵਾ, ਹਰਵਿੰਦਰ ਸਿੰਘ ਬਿੰਦਾ,ਬੱਗਾ ਸਿੰਘ ਪਹੇੜੀ, ਹਾਜ਼ਰ ਸਨ।