Site icon TheUnmute.com

ਐੱਸ.ਏ.ਐੱਸ ਨਗਰ ’ਚ 40 ਥਾਂਵਾਂ ’ਤੇ ਖੁਲ੍ਹਣਗੀਆਂ ਮਾਡਲ ਫ਼ੇਅਰ ਪ੍ਰਾਈਸ ਦੁਕਾਨਾਂ

SAS Nagar

ਐੱਸ.ਏ.ਐੱਸ ਨਗਰ, 01 ਨਵੰਬਰ 2023: ਜ਼ਿਲ੍ਹੇ (SAS Nagar) ’ਚ ਉਨ੍ਹਾਂ ਪਿੰਡਾਂ ਜਿੱਥੇ ਰਾਸ਼ਨ ਡਿੱਪੂ ਨਹੀਂ ਹਨ, ਵਿਖੇ ਮਾਡਲ ਫ਼ੇਅਰ ਪ੍ਰਾਈਸ ਸ਼ਾਪਸ (ਰਾਸ਼ਨ ਦੀ ਦੁਕਾਨ) ਖੋਲ੍ਹਣ ਦੀ ਪ੍ਰਕਿਰਿਆ ਜੰਗੀ ਪੱਧਰ ’ਤੇ ਚੱਲ ਰਹੀ ਹੈ, ਜਿਸ ਤਹਿਤ 40 ਦੁਕਾਨਾਂ ਸਥਾਪਿਤ ਕੀਤੀਆਂ ਜਾਣਗੀਆਂ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਮਾਡਲ ਫ਼ੇਰ ਪ੍ਰਾਈਸ ਸ਼ਾਪਸ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉੁਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਰਾਸ਼ਨ ਦੁਕਾਨਾਂ ਨੂੰ ਮਾਰਕਫ਼ੈਡ ਵੱਲੋਂ ਚਲਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹਮਾਂਯੂਪੁਰ, ਸਮਗੌਲੀ, ਜੌਲਾ ਖੁਰਦ, ਲਾਲੜੂ, ਸੰਗਤਪੁਰਾ, ਕੰਨਸਾਲਾ, ਖਿਜ਼ਰਾਬਾਦ, ਨਿਹੋਲਕਾ, ਝਿੰਗੜਾਂ ਕਲਾਂ, ਦੁਸਾਰਨਾ, ਨਾਂਗਲੀਆਂ, ਪੜੌਲ, ਸੰਗਾਲਾ, ਕੁਭੇੜੀ, ਮਨੌਲੀ, ਮਨਾਣਾ, ਬਹਿਲੋਲਪੁਰ, ਸਵਾਡਾ, ਚਡਿਆਲਾ, ਦੇਹੜੀ ’ਚ ਦੁਕਾਨਾਂ ਲਈ ਥਾਂ ਸ਼ਨਾਖ਼ਤ ਕਰਕੇ ਨਵੀਨੀਕਰਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਦਕਿ ਬਾਕੀ ਥਾਂਵਾਂ ’ਤੇ ਕੰਮ ਸ਼ੁਰੂ ਕੀਤਾ ਜਾਣਾ ਹੈ।

ਡਿਪਟੀ ਕਮਿਸ਼ਨਰ ਅਨੁਸਾਰ ਮਾਡਲ ਫ਼ੇਅਰ ਪ੍ਰਾਈਸ ਸ਼ਾਪਸ ਪ੍ਰਤੀ ਥਾਂ ’ਤੇ 200 ਵਰਗ ਮੀਟਰ ਦੇ ਖੇਤਰ ’ਚ ਬਣਾਈ ਜਾਵੇਗੀ ਜਿੱਥੇ ਮਾਰਕਫ਼ੈਡ ਵੱਲੋਂ ਸਮਾਰਟ ਕਾਰਡ (ਆਟਾ-ਦਾਲ ਕਾਰਡ) ਦੇ ਲਾਭਪਾਤਰੀਆਂ ਨੂੰ ਮਿਲਣ ਵਾਲਾ ਰਾਸ਼ਨ ਸਪਲਾਈ ਕਰਨ ਦੇ ਨਾਲ-ਨਾਲ ਮਾਰਕਫ਼ੈਡ ਉਤਪਾਦ ਵੀ ਵਿੱਕਰੀ ਕੀਤੇ ਜਾ ਸਕਣਗੇ।

ਉਨ੍ਹਾਂ ਨੇ ਮੀਟਿੰਗ ’ਚ ਹਾਜ਼ਰ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਐਸ ਡੀ ਐਮ ਮੋਹਾਲੀ (SAS Nagar) ਚੰਦਰਜੋਤੀ ਸਿੰਘ, ਐਸ ਡੀ ਐਮ ਖਰੜ ਗੁਰਬੀਰ ਸਿੰਗ ਕੋਹਲੀ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੁ ਗੁਪਤਾ, ਡੀ ਐਮ ਮਾਰਕਫ਼ੈਡ ਨਵਿਤਾ, ਡੀ ਡੀ ਪੀ ਓ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਉਪ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਗੁਰਬੀਰ ਸਿੰਘ ਢਿੱਲੋਂ ਨੂੰ ਬਾਕੀ ਰਹਿੰਦੀਆਂ ਥਾਂਵਾਂ ਦਾ ਜਲਦ ਦੌਰਾ ਕਰਕੇ ਉਨ੍ਹਾਂ ਨੂੰ ਅੰਤਮ ਰੂਪ ਦੇਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਪੂਰੇ ਸੂਬੇ ’ਚ ਇਨ੍ਹਾਂ ਮਾਡਲ ਫ਼ੇਅਰ ਪ੍ਰਾਈਸ ਸ਼ਾਪਸ ਰਾਹੀਂ ਉਨ੍ਹਾਂ ਖੇਤਰਾਂ ਤੱਕ ਵੀ ਸਮਾਰਟ ਕਾਰਡ ’ਤੇ ਮਿਲਦੀਆਂ ਸੁਵਿਧਾਵਾਂ ਪਹੁੰਚਾੳਣਾ ਚਾਹੁੰਦੇ ਹਨ, ਜਿੱਥੇ ਰਾਸ਼ਨ ਡਿੱਪੂ ਨਹੀਂ ਹਨ।

Exit mobile version