ਮੋਹਾਲੀ, 19 ਜਨਵਰੀ 2024: ਅੱਜ ਮੋਹਾਲੀ ਪੁੱਡਾ ਭਵਨ ਵਿਖੇ ਗਮਾਡਾ ਦੇ ਅਸਟੇਟ ਦਫ਼ਤਰ ਨਾਲ ਸੰਬੰਧਿਤ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਵਿਸੇਸ਼ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ। ਜਿਸ ਵਿੱਚ 300 ਤੋਂ ਵੱਧ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਉੱਥੇ ਹੀ ਇਸ ਕੈਂਪ ਵਿਚ ਵਿਸ਼ੇਸ ਤੌਰ ‘ਤੇ ਪਹੁੰਚੇ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਅਤੇ ਸਰਕਾਰੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ ਖ਼ੁਆਰੀ ਤੋਂ ਬਚਾਉਣਾ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ 300 ਤੋਂ ਵੱਧ ਮਾਮਲੇ ਲੰਬਿਤ ਸਨ, ਜਿਨ੍ਹਾਂ ਦਾ ਨਿਪਟਾਰਾ ਕੀਤਾ ਗਿਆ ਹੈ, ਬਾਕੀ ਰਹਿੰਦੀਆਂ ਸਮੱਸਿਆਵਾਂ ਦਾ ਛੇਤੀ ਹੱਲ ਕਰ ਦਿੱਤਾ ਜਾਵੇਗਾ |
ਉਨ੍ਹਾਂ (MLA Kulwant Singh) ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਸਭ ਦੇ ਜਾਇਜ਼ ਕੰਮ ਕੀਤੇ ਜਾਣਗੇ | ਲੋਕਾਂ ਦੇ ਦਾ ਬਣਦਾ ਹੱਕ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੇ ਸਿੱਖਿਆ, ਸਿਹਤ ਅਤੇ ਹੋਰਨਾਂ ਖੇਤਰਾਂ ‘ਚ ਲਗਾਤਾਰ ਕੰਮ ਕਰ ਰਹੀ ਹੈ |
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਦੇ ਅਧਿਕਾਰੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਵਿਧਾਇਕ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅੱਠ ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ । ਕੁਲਵੰਤ ਸਿੰਘ ਨੇ ਕਿਹਾ ਕਿ ਮੈਡੀਕਲ ਕਾਲਜ ਵਾਸਤੇ ਪਹਿਲਾਂ 25 ਏਕੜ ਜ਼ਮੀਨ ਐਕਵਾਇਰ ਕੀਤੀ ਸੀ,ਪਰ ਹੁਣ ਗਮਾਡਾ ਨੇ 25 ਏਕੜ ਹੋਰ ਦੇ ਦਿੱਤੀ ਹੈ,ਹੁਣ ਬਹੁਤ ਛੇਤੀ 50 ਏਕੜ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮੈਡੀਕਲ ਕਾਲਜ ਬਣੇਗਾ।
ਗਮਾਡਾ ਦੇ ਚੀਫ ਐਡਮਿਨਸਟ੍ਰੇਟਰ ਰਾਜੀਵ ਗੁਪਤਾ ਨੇ ਕਿਹਾ ਕਿ ਅੱਜ ਦੇ ਕੈਂਪ ਵਿੱਚ ਲੈਂਡ ਪੂਲਿੰਗ ਨਾਲ ਸੰਬਧਿਤ ਜਿਨ੍ਹਾਂ ਕਿਸਾਨਾਂ ਦੇ ਕੇਸ ਕੋਰਟ ਵਿੱਚ ਵਿਚਾਰ ਅਧੀਨ ਹਨ, ਉਨ੍ਹਾਂ ਨੂੰ ਛੱਡਕੇ ਬਾਕੀ ਦਾ ਨਿਪਟਾਰਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਇਹ ਅਜਿਹਾ ਕੈਂਪ 2018 ਤੋਂ ਬਾਅਦ ਹੁਣ ਲੱਗਿਆ ਹੈ, ਜਿਸ ‘ਚ ਲੋਕਾਂ ਦੀ ਖੱਜਲ ਖ਼ੁਆਰੀ ਘਟੀ ਹੈ | ਉਨ੍ਹਾਂ ਦੱਸਿਆ ਜਿੰਨਾ ਲੋਕਾਂ ਨੇ ਕੋਰਨਰ ਦੇ ਮਕਾਨਾਂ ਵਿੱਚ ਨਾਜਾਇਜ ਕਬਜ਼ੇ ਕੀਤੇ ਹਨ, ਉਨ੍ਹਾਂ ਨੂੰ ਛੇਤੀ ਹਟਾਇਆ ਜਾਵੇਗਾ।