Site icon TheUnmute.com

ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ‘ਚ ਸਾਫ਼-ਸਫ਼ਾਈ ਲਈ 2 ਹੋਰ ਨਵੀਆਂ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ

MLA Kulwant Singh

ਐਸ.ਏ.ਐਸ ਨਗਰ, 07 ਨਵੰਬਰ 2024: ਮੋਹਾਲੀ ਸ਼ਹਿਰ ‘ਚ ਪਿਛਲੇ ਕਰੀਬ 2 ਸਾਲ ਤੋਂ ਵੱਧ ਸਮੇਂ ਤੋਂ ਮੁੱਖ ਸੜਕਾਂ ਦੀ ਸਾਫ਼-ਸਫ਼ਾਈ ਮਕੈਨੀਕਲ ਮਸ਼ੀਨਾਂ ਨਾਲ ਨਾ ਹੋਣ ਕਾਰਨ ਸ਼ਹਿਰ ‘ਚ ਸਾਫ਼-ਸਫ਼ਾਈ ਦੇ ਕੰਮ ‘ਚ ਲਗਾਤਾਰ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਵੱਲੋਂ ਸ਼ਹਿਰ ‘ਚ ਸਫ਼ਾਈ ਦੇ ਕੰਮਾਂ ‘ਚ ਸੁਧਾਰ ਲਿਆਉਣ ਲਈ ਕੁਝ ਮਹੀਨੇ ਪਹਿਲਾਂ ਗਮਾਡਾ ਨਾਲ ਤਾਲਮੇਲ ਕਰਕੇ 2 ਮਕੈਨੀਕਲ ਸਵੀਪਿੰਗ ਮਸ਼ੀਨਾਂ ਖਰੀਦਣ ਲਈ ਨਗਰ ਨਿਗਮ ਐਸ.ਏ.ਐਸ. ਨਗਰ ਨੂੰ 10 ਕਰੋੜ ਰੁਪਏ ਜ਼ਾਰੀ ਕਰਵਾਏ ਸਨ |

ਜਿਸਦੇ ਤਹਿਤ ਨਗਰ ਨਿਗਮ ਵੱਲੋਂ 2 ਮਕੈਨੀਕਲ ਸਵੀਪਿੰਗ ਮਸ਼ੀਨਾਂ ਰੀਦ ਕੇ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਏ-ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਇਨ੍ਹਾਂ ਮਕੈਨੀਕਲ ਸਵੀਪਿੰਗ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। ਇਨ੍ਹਾਂ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਬੀਤੇ ਅਗਸਤ 2024 ‘ਚ ਹਰੀ ਝੰਡੀ ਦਿਖਾਉਣ ਸਮੇਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਮੋਹਾਲੀ ਸ਼ਹਿਰ ਨੂੰ ਛੇਤੀ ਹੀ 2 ਹੋਰ ਮਕੈਨੀਕਲ ਸਵੀਪਿੰਗ ਮਸ਼ੀਨਾਂ ਉਪਲਬੱਧ ਕਰਵਾਈਆਂ ਜਾਣਗੀਆਂ।

ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਆਪਣਾ ਵਾਅਦਾ ਪੂਰਾ ਕਰਦਿਆਂ ਅੱਜ 2 ਹੋਰ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਸ਼ਹਿਰ ਵਾਸੀਆਂ ਦੀ ਸੇਵਾ ‘ਚ ਲਗਾਉਣ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਵਿਧਾਇਕ ਨੇ ਕਿਹਾ ਕਿ ਹੁਣ ਨਗਰ ਨਿਗਮ ਕੋਲ ਆਪਣੀਆਂ ਚਾਰ ਮਕੈਨੀਕਲ ਸਵੀਪਿੰਗ ਮਸ਼ੀਨਾਂ ਹੋ ਗਈਆਂ ਹਨ, ਜਿਸ ਨਾਲ ਸ਼ਹਿਰ ਦੀਆਂ ਸਾਰੀਆਂ ਏ ਅਤੇ ਬੀ ਸੜਕਾਂ ਦੀ ਸਫ਼ਾਈ ਮਕੈਨੀਕਲ ਮਸ਼ੀਨਾਂ ਦੁਆਰਾ ਕੀਤੀ ਜਾਵੇਗੀ |

ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ਸ਼ਹਿਰ ‘ਚ ‘ਸੀ’ ਟਾਈਪ ਸੜਕਾਂ ਦੀ ਸਫ਼ਾਈ ਵੀ ਮਕੈਨੀਕਲ ਤਰੀਕੇ ਨਾਲ ਕਰਨ ਲਈ ਵੀ ਕੋਈ ਨਾ ਕੋਈ ਛੋਟੀਆਂ ਮਸ਼ੀਨਾਂ ਦਾ ਪ੍ਰਬੰਧ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਸ਼ਹਿਰ ਦੀ ਸਫ਼ਾਈ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਲਈ ਫ਼ੰਡ ਆਦਿ ਉਪਲਬੱਧ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋੜ ਪੈਣ ਤੇ ਬੇਨਤੀ ਕਰਨਗੇ |

ਇਸ ਮੌਕੇ ਸ਼ਹਿਰ ‘ਚੋਂ ਕੂੜੇ ਨੂੰ ਚੁੱਕਣ ‘ਚ ਆ ਰਹੀ ਦਿੱਕਤ ਲਈ ਨਗਰ ਨਿਗਮ ਦੀ ਸੱਤਾ ‘ਤੇ ਕਾਬਜ਼ ਧਿਰ ਵੱਲੋਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਵਾਲ ਦਾ ਜਵਾਬ ‘ਚ ਵਿਧਾਇਕ ਨੇ ਕਿਹਾ ਕਿ ਸ਼ਹਿਰ ਦੀ ਸਾਫ਼ ਸਫ਼ਾਈ ਦਾ ਜ਼ਿੰਮਾ ਨਗਰ ਨਿਗਮ ਦਾ ਹੈ, ਜਿਸ ਕਾਰਨ ਸ਼ਹਿਰ ‘ਚ ਲੱਗੇ ਕੂੜੇ ਦੇ ਢੇਰਾਂ ਲਈ ਨਗਰ ਨਿਗਮ ਦੇ ਅਹੁਦੇਦਾਰ ਜ਼ਿੰਮੇਵਾਰ ਹਨ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਉਹ ਕੂੜ ਪ੍ਰਚਾਰ ਕਰ ਰਹੇ ਹਨ, ਪ੍ਰੰਤੂ ਮੋਹਾਲੀ ਦੇ ਲੋਕ ਜਾਣਦੇ ਹਨ ਕਿ ਇਸ ਤਰ੍ਹਾਂ ਨਗਰ ਨਿਗਮ ਦੇ ਮੌਜ਼ੂਦਾ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ‘ਚ ਨਾਕਾਮ ਰਹੇ ਹਨ।

ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੋਹਾਲੀ ਪੰਜਾਬ ਦਾ ਇੱਕੋ ਇੱਕ ਸ਼ਹਿਰ ਹੈ, ਜਿਸ ਕੋਲ ਇਹ ਮਕੈਨੀਕਲ ਸਵੀਪਿੰਗ ਮਸ਼ੀਨਾਂ ਹਨ। ਇਸਦੇ ਨਾਲ ਹੀ ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਾਸੀ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣਾ ਯੋਗਦਾਨ ਦੇਣ ਅਤੇ ਆਪਣੇ ਘਰਾਂ ਦਾ ਕੂੜਾ ਸੜਕਾਂ, ਪਾਰਕਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ‘ਤੇ ਨਾ ਸੁੱਟਣ।

Exit mobile version