ਚੰਡੀਗੜ੍ਹ 16 ਨਵੰਬਰ 2022: ਰੂਸ-ਯੂਕਰੇਨ ਜੰਗ ਦੇ ਵਿਚਕਾਰ ਪੋਲੈਂਡ (Poland) ‘ਤੇ ਮਿਜ਼ਾਈਲ ਹਮਲੇ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦਾ ਕਹਿਣਾ ਹੈ ਕਿ ਜੋ ਮਿਜ਼ਾਈਲਾਂ ਪੋਲੈਂਡ ‘ਚ ਡਿੱਗੀਆਂ ਹਨ, ਉਹ ਰੂਸ ਵਲੋਂ ਨਹੀਂ ਦਾਗੀਆਂ ਗਈਆਂ । ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਟੋ ਦੇ ਮੈਂਬਰ ਦੇਸ਼ ਪੋਲੈਂਡ ਦੇ ਖੇਤਰ ‘ਤੇ ਡਿੱਗੀਆਂ ਮਿਜ਼ਾਈਲਾਂ ਯੂਕਰੇਨ ਦੀਆਂ ਸਨ। ਦਰਅਸਲ, ਰੂਸੀ ਹਮਲੇ ਨੂੰ ਰੋਕਣ ਲਈ ਯੂਕਰੇਨ ਨੇ ਵੀ ਮਿਜ਼ਾਈਲਾਂ ਦਾਗੀਆਂ ਸਨ, ਜੋ ਪੋਲੈਂਡ ਦੀ ਸਰਹੱਦ ਵਿੱਚ ਜਾ ਡਿੱਗੀਆਂ ਸਨ। ਇਸ ਘਟਨਾ ‘ਚ ਦੋ ਜਣਿਆਂ ਦੀ ਮੌਤ ਹੋ ਗਈ ਸੀ।
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵਿਸ਼ਵ ਨੇਤਾਵਾਂ ਨਾਲ ਹੰਗਾਮੀ ਬੈਠਕ ‘ਚ ਰੂਸ ਵਲੋਂ ਯੂਕਰੇਨ ਦੇ ਨਾਗਰਿਕਾਂ ‘ਤੇ ਕੀਤੀ ਗਈ ਬੰਬਾਰੀ ਦੀ ਨਿਖੇਧੀ ਕੀਤੀ | ਦੱਸ ਦਈਏ ਕਿ ਪੋਲੈਂਡ ‘ਚ ਮਿਜ਼ਾਈਲ ਡਿੱਗਣ ਤੋਂ ਬਾਅਦ ਬਿਡੇਨ ਨੇ ਜੀ-7 ਦੇਸ਼ਾਂ ਅਤੇ ਨਾਟੋ ਮੈਂਬਰ ਦੇਸ਼ਾਂ ਦੀ ਐਮਰਜੈਂਸੀ ਬੈਠਕ ਬੁਲਾਈ ਸੀ।
ਬਿਡੇਨ ਨੇ ਬੈਠਕ ਦੌਰਾਨ ਕਿਹਾ, ਅਸੀਂ ਪੂਰਬੀ ਪੋਲੈਂਡ ਵਿਚ ਹੋਏ ਨੁਕਸਾਨ ਅਤੇ ਪੋਲੈਂਡ ਤੋਂ ਹੋਏ ਹਮਲੇ ਦੀ ਜਾਂਚ ਦਾ ਸਮਰਥਨ ਕਰਦੇ ਹਾਂ। ਬਿਡੇਨ ਨੇ ਕਿਹਾ, ਅਸੀਂ ਇਸ ਸਮੇਂ ਯੂਕਰੇਨ ਦਾ ਪੂਰਾ ਸਮਰਥਨ ਕਰ ਰਹੇ ਹਾਂ। ਦੂਜੇ ਪਾਸੇ ਸਰਹੱਦ ‘ਤੇ ਵਧਦੇ ਤਣਾਅ ਤੋਂ ਬਾਅਦ ਪੋਲੈਂਡ ਨੇ ਆਪਣੀ ਫੌਜ ਨੂੰ ਚੌਕਸ ਰਹਿਣ ਲਈ ਕਿਹਾ ਹੈ।