Site icon TheUnmute.com

ਬਦਮਾਸ਼ਾਂ ਨੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਬੰਧਕ ਬਣਾ ਕੇ ਕੀਤੀ ਕੁੱਟਮਾਰ, ਮੰਗੀ 50 ਲੱਖ ਦੀ ਫਿਰੌਤੀ

Mangat Rai Bansal

ਚੰਡੀਗੜ੍ਹ, 25 ਫਰਵਰੀ 2023: ਪੰਜਾਬ ਦੇ ਮਾਨਸਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ (Mangat Rai Bansal) ਨੂੰ ਬਦਮਾਸ਼ਾਂ ਨੇ ਇੱਕ ਵਿਦਿਅਕ ਸੰਸਥਾ ਵਿੱਚ ਬੰਧਕ ਬਣਾ ਲਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਐਸਯੂਵੀ ਕਾਰ ਵਿੱਚ ਆਏ ਸਨ।

ਇਸ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਸ਼ੱਕੀ ਲੋਕ ਦਿਖਾਈ ਦੇ ਰਹੇ ਹਨ। ਇਹ ਵੀ ਚਰਚਾ ਹੈ ਕਿ ਸਾਬਕਾ ਵਿਧਾਇਕ ਦਾ ਇਨ੍ਹਾਂ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਹੈ, ਜਿਸ ਕਾਰਨ ਇਨ੍ਹਾਂ ਲੋਕਾਂ ਨੇ ਮੰਗਤ ਰਾਏ ‘ਤੇ ਹਮਲਾ ਕੀਤਾ ਹੈ, ਪਰ ਅਜੇ ਤੱਕ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਮੰਗਤ ਰਾਏ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ (ਬੁਢਲਾਡਾ) ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੰਗਤ ਰਾਏ ਬਾਂਸਲ (Mangat Rai Bansal) ਅਨੁਸਾਰ ਬਦਮਾਸ਼ਾਂ ਨੇ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਸੀ। ਬਦਮਾਸ਼ ਉਸ ਨੂੰ ਧਮਕੀ ਦਿੰਦੇ ਹੋਏ ਚਲੇ ਗਏ ਕਿ ਜੇਕਰ ਉਸ ਨੇ ਪੁਲਿਸ ਨੂੰ ਕੁਝ ਦੱਸਿਆ ਤਾਂ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ। ਬਦਮਾਸ਼ਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ 2 ਦਿਨਾਂ ਬਾਅਦ ਉਸ ਦਾ ਸਾਥੀ ਆ ਕੇ ਉਸ ਤੋਂ ਪੈਸੇ ਲੈ ਲਵੇਗਾ।

ਘਟਨਾ ਤੋਂ ਬਾਅਦ ਪੁਲਿਸ ਨੇ ਜ਼ਿਲ੍ਹੇ ਦੀ ਘੇਰਾਬੰਦੀ ਕਰ ਦਿੱਤੀ ਹੈ। ਆਉਣ-ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ । ਇਸ ਦੇ ਨਾਲ ਹੀ ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਈ ਵੀਡੀਓ ਫੁਟੇਜ ਹਾਸਲ ਕਰ ਲਏ ਹਨ। ਡੀਐਸਪੀ ਨਵਨੀਤ ਕੌਰ ਗਿੱਲ, ਐਸਐਚਓ ਬਰੇਟਾ ਗੁਰਦਰਸ਼ਨ ਸਿੰਘ ਮਾਨ ਨੇ ਮੌਕੇ ਦਾ ਮੁਆਇਨਾ ਕੀਤਾ ਹੈ । ਐਸਪੀਡੀ ਬਾਲਕ੍ਰਿਸ਼ਨ ਅਨੁਸਾਰ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪੁੱਜੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈਕ ਕੀਤੀ ਜਾ ਰਹੀ ਹੈ।

Exit mobile version