ਚੰਡੀਗੜ੍ਹ, 10 ਜੂਨ 2024: ਦੇਸ਼ ‘ਚ ਤੀਜੀ ਵਾਰ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣੀ ਹੈ | ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ, ਮੋਦੀ ਕੈਬਿਨਟ (Modi cabinet) ‘ਚ ਅੱਜ ਮੰਤਰਾਲੇ ਵੰਡੇ ਜਾ ਸਕਦੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੁੱਲ 72 ਮੰਤਰੀਆਂ ਨੇ ਰਾਸ਼ਟਰਪਤੀ ਭਵਨ ‘ਚ ਕਰਵਾਏ ਇਕ ਸ਼ਾਨਦਾਰ ਸਮਾਗਮ ‘ਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਦੂਜੇ ਨੰਬਰ ‘ਤੇ ਰਾਜਨਾਥ ਸਿੰਘ ਨੇ ਸਹੁੰ ਚੁੱਕੀ। ਅਮਿਤ ਸ਼ਾਹ, ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਸਮੇਤ ਕੁੱਲ 30 ਮੰਤਰੀ ਮੰਡਲ ਦੇ ਮੰਤਰੀਆਂ ਨੇ ਸਹੁੰ ਚੁੱਕੀ। ਸਭ ਤੋਂ ਵੱਧ 11 ਮੰਤਰੀ ਉੱਤਰ ਪ੍ਰਦੇਸ਼ ਦੇ ਹਨ।
ਮੋਦੀ ਮੰਤਰੀ ਮੰਡਲ (Modi cabinet) ‘ਚ 12 ਅਜਿਹੇ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਨੇ ਚੋਣ ਨਹੀਂ ਲੜੀ ਸੀ। ਇਨ੍ਹਾਂ ਵਿੱਚ ਜੇਪੀ ਨੱਡਾ, ਅਸ਼ਵਨੀ ਵੈਸ਼ਨਵ, ਸ. ਜੈਸ਼ੰਕਰ, ਨਿਰਮਲਾ ਸੀਤਾਰਮਨ, ਹਰਦੀਪ ਸਿੰਘ ਪੁਰੀ, ਜਯੰਤ ਚੌਧਰੀ, ਰਾਮਦਾਸ ਅਠਾਵਲੇ, ਰਾਮਨਾਥ ਠਾਕੁਰ, ਬੀ.ਐਲ.ਵਰਮਾ, ਸਤੀਸ਼ ਚੰਦਰ ਦੂਬੇ, ਪਵਿੱਤਰਾ ਮਾਰਗਰੀਟਾ ਅਤੇ ਜਾਰਜ ਕੁਰੀਅਨ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਦੋ ਹਾਰੇ ਹੋਏ ਆਗੂਆਂ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਇਨ੍ਹਾਂ ਵਿਚ ਐੱਲ. ਮੁਰੂਗਨ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਤੋਂ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ।