July 7, 2024 3:18 pm
ਪੰਜਾਬੀ ਭਾਸ਼ਾ

ਮੰਤਰੀ ਮੀਤ ਹੇਅਰ ਨੇ ਪੰਜਾਬ ‘ਚ ਸਾਰੇ ਸਾਈਨ ਬੋਰਡਾਂ ‘ਤੇ ਪੰਜਾਬੀ ਭਾਸ਼ਾ ਪਹਿਲ ਦੇ ਅਧਾਰ ‘ਤੇ ਲਿਖਣ ਲਈ ਹਦਾਇਤਾਂ ਕੀਤੀਆਂ ਜਾਰੀ

ਚੰਡੀਗੜ੍ਹ 25 ਜੁਲਾਈ 2022: ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਰਾਜ ਦੇ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਥਾਵਾਂ ਤੇ ਲਿਖੀਆਂ ਜਾਂਦੀਆਂ ਪੱਟੀਆਂ,ਸਾਈਨ ਬੋਰਡਾਂ ਆਦਿ ਉਪਰ ਪੰਜਾਬੀ ਭਾਸ਼ਾ ਪਹਿਲ ਦੇ ਅਧਾਰ ਤੇ ਲਿਖਣ ਲਈ ਅਤੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਆਪਕ ਮੁਹਿੰਮ ਵੀ ਵਿੱਢੀ ਜਾਵੇਗੀ। ਇਸ ਸਬੰਧੀ ਮੰਤਰੀ ਮੀਤ ਹੇਅਰ ਨੇ ਸਾਰੇ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਮੀਤ ਹੇਅਰ ਨੇ ਐਤਵਾਰ ਨੂੰ ਵਾਈਐੱਸ ਕਾਲਜ ਹੰਡਿਆਇਆ ਵਿੱਚ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਇਬ੍ਰੇਰੀਆਂ ਬਣਾਉਣ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤੇ ਬਰਨਾਲਾ ਵਿੱਚ ਲਾਇਬ੍ਰੇਰੀ ਨਾਲ ਸਾਹਿਤਕਾਰਾਂ ਲਈ ਭਵਨ ਵੀ ਉਸਾਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਪਲੇਠਾ ਕਦਮ ਪੁੱਟਦੇ ਹੋਏ ਰਾਜ ਦੇ ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਥਾਵਾਂ ’ਤੇ ਨਾਂ ਪੱਟੀਆਂ, ਸਾਈਨ ਬੋਰਡ ਆਦਿ ’ਤੇ ਸਭ ਤੋਂ ਉੱਪਰ ਪੰਜਾਬੀ ’ਚ ਨਾਂ ਲਿਖਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦਾਆਵਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਆਪਕ ਮੁਹਿੰਮ ਵਿੱਢੀ ਜਾਵੇਗੀ।

ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਬਾਰੇ ਗੱਲ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਕਿ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਨ ਤੇ ਇਹ ਧਰੋਹਰ ਕਿਸੇ ਵੀ ਕੀਮਤ ’ਤੇ ਖੁੱਸਣ ਨਹੀਂ ਦਿੱਤੀ ਜਾਵੇਗੀ।