Site icon TheUnmute.com

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਮੋਹਾਲੀ ‘ਚ ‘ਮੇਰਾ ਸ਼ਹਿਰ-ਮੇਰਾ ਮਾਨ’ ਮੁਹਿੰਮ ਦੀ ਸ਼ੁਰੂਆਤ

Dr. Inderbir Singh Nijjar

ਮੋਹਾਲੀ 26 ਅਗਸਤ 2022: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਅੱਜ ‘ਮੇਰਾ ਸ਼ਹਿਰ-ਮੇਰਾ ਮਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜੋ ਸੂਬੇ ਦੇ 12 ਨਗਰ ਨਿਗਮਾਂ ਅਤੇ ਕਲਾਸ-1 ਯੂ.ਐਲ.ਬੀਜ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਏਗੀ। ਡਾ. ਨਿੱਜਰ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਇੱਕ ਪ੍ਰੋਗਰਾਮ ਦੌਰਾਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ | ਜਿਸ ਉਪਰੰਤ ਉਨ੍ਹਾਂ ਨੇ ਸੀਵਰੇਜ, ਸੜਕਾਂ ਅਤੇ ਪਾਰਕਾਂ ਦੀ ਸਫਾਈ ਦਾ ਜਾਇਜ਼ਾ ਲਿਆ।

ਇਸ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ‘ਮੇਰਾ ਸ਼ਹਿਰ-ਮੇਰਾ ਮਾਨ’ ਮੁਹਿੰਮ ਦਾ ਉਦੇਸ਼ ਸਫ਼ਾਈ ਨੂੰ ਜੀਵਨ ਦਾ ਜ਼ਰੀਆ ਬਣਾ ਕੇ ਸਾਡੇ ਸ਼ਹਿਰਾਂ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਵੱਛਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸੂਬੇ ਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ।

ਡਾ. ਨਿੱਜਰ ਨੇ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਭਾਈਚਾਰੇ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਸ਼ੁੱਕਰਵਾਰ ਨੂੰ ਇੱਕ ਜਾਂ ਦੋ ਵਾਰਡਾਂ ਵਿੱਚ ਹਰੇਕ ਯੂ.ਐਲ.ਬੀ. ਦੇ ਸਾਰੇ ਭਾਈਵਾਲਾਂ ਨੂੰ ਸ਼ਾਮਲ ਕਰਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਉਹਨਾਂ ਦੱਸਿਆ ਕਿ ਇਹਨਾਂ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਉਣ ਲਈ ਮਿੱਥੇ ਪ੍ਰੋਗਰਾਮ ਅਨੁਸਾਰ ਅਧਿਕਾਰੀਆਂ ਵੱਲੋਂ ਉਹਨਾਂ ਵਾਰਡਾਂ ਦਾ ਦੌਰਾ ਕੀਤਾ ਜਾਵੇਗਾ, ਤਾਂ ਜੋ ਇਸ ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਨ ਲਈ ਮਿੱਥੇ ਗਏ ਦਿਨ ਲੋੜੀਦੇ ਉਪਕਰਣਾਂ ਦੇ ਨਾਲ ਲੋੜੀਂਦੀ ਮੈਨਪਾਵਰ ਉਪਲਬਧ ਹੋਵੇ।

ਡਾ. ਨਿੱਜਰ ਨੇ ਦੱਸਿਆ ਕਿ ‘ਮੇਰਾ ਸ਼ਹਿਰ-ਮੇਰਾ ਮਾਨ’ ਨੂੰ ਕਮਿਊਨਿਟੀ ਅਧਾਰਿਤ ਮੁਹਿੰਮ ਬਣਾਉਣ ਲਈ ਵਾਰਡਾਂ ਦੇ ਲੋਕ, ਕਮਿਊਨਿਟੀ ਲੀਡਰਾਂ, ਧਾਰਮਿਕ ਆਗੂਆਂ, ਐਨ.ਜੀ.ਓ./ ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਸਥਾਨਕ ਸਿਆਸੀ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਯੂ.ਐਲ.ਬੀਜ਼ ਨੂੰ ਵਾਰਡ ਕਮੇਟੀਆਂ/ਮੁਹੱਲਾ ਕਮੇਟੀਆਂ ਦੇ ਗਠਨ ਨੂੰ ਵੀ ਉਤਸਾਹਿਤ ਕਰਨਾ ਚਾਹੀਦਾ ਹੈ ਜੋ ਆਪਣੇ ਵਾਰਡਾਂ/ਮੁਹੱਲਿਆਂ ਦੀ ਪ੍ਰਭਾਵਸ਼ਾਲੀ ਸਫਾਈ ਨਿਯਮਤ ਤੌਰ ‘ਤੇ ਯਕੀਨੀ ਬਣਾਈ ਜਾ ਸਕੇ।

ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਅਤੇ ਸਵੱਛਤਾ ਤੇ ਸਾਫ਼ ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ‘ਮੇਰਾ ਸ਼ਹਿਰ-ਮੇਰਾ ਮਾਨ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਉਹ ਵਧ ਚੜ੍ਹ ਕੇ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ l

ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਸਵੱਛਤਾ ਅਪਣਾਓ ਅਤੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੇ ਵਿਸ਼ੇ ‘ਤੇ ਇਕ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈl ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਵੀ ਮੌਜੂਦ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਈਸ਼ਾ ਕਾਲੀਆ ਐਮ.ਡੀ. ਪੀ.ਐਮ.ਆਈ.ਡੀ.ਸੀ., ਅਮਿਤ ਤਲਵਾੜ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ, ਵਿਵੇਕ ਸ਼ੀਲ ਸੋਨੀ ਐਸ.ਐਸ.ਪੀ., ਨਵਜੋਤ ਕੌਰ ਕਮਿਸ਼ਨਰ ਨਗਰ ਨਿਗਮ, ਸਰਬਜੀਤ ਕੌਰ ਐਸ.ਡੀ.ਐਮ. ਐਸ.ਏ.ਐਸ.ਨਗਰ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਨਗਰ ਨਿਗਮ, ਵਨੀਤ ਵਰਮਾ ਸੂਬਾ ਪ੍ਰਧਾਨ ਟਰੇਡ ਯੂਨੀਅਨ ਆਮ ਆਦਮੀ ਪਾਰਟੀ ਮੌਜੂਦ ਸਨ।

Exit mobile version