Site icon TheUnmute.com

Milkfed: ਪੰਜਾਬ ‘ਚ ਮਿਲਕਫੈੱਡ ਨਾਲ 5 ਲੱਖ ਦੁੱਧ ਉਤਪਾਦਕ ਹੋਏ ਰਜਿਸਟਰਡ, ਵੇਰਕਾ ਬ੍ਰਾਂਡ ਦੀ ਸਰਦਾਰੀ ਕਾਇਮ

Milkfed

ਚੰਡੀਗੜ੍ਹ 30 ਦਸੰਬਰ 2024: ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਾਲ 2024 ਵਿੱਚ ਦੁੱਧ ਉਤਪਾਦਕਾਂ ਨੂੰ ਵੱਧ ਭਾਅ ਮੁਹੱਈਆ ਕਰਵਾਉਣ, ਵੇਰਕਾ ਪਲਾਂਟਾਂ ਦਾ ਵਿਸਥਾਰ ਕਰਕੇ ਅਤੇ ਨਵੇਂ ਉਤਪਾਦ ਲਾਂਚ ਕਰਕੇ ਸਹਿਕਾਰੀ ਸੰਸਥਾ ‘ਮਿਲਕਫੈੱਡ’ (Milkfed) ਨੂੰ ਹੋਰ ਮਜ਼ਬੂਤ ​​ਕੀਤਾ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਮੁਤਾਬਕ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਸਹਿਕਾਰਤਾ ਵਿਭਾਗ ਵੀ ਹੈ | ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨਾਲ ਜੋੜਨ ਲਈ ਵਿਸ਼ੇਸ਼ ਤੌਰ ‘ਤੇ ਮਿਲਕਫੈੱਡ ਨੂੰ ਵੱਡੇ ਪ੍ਰੋਜੈਕਟ ਦਿੱਤੇ ਹਨ ਤਾਂ ਜੋ ਦੁੱਧ ਦੇ ਧੰਦੇ ਨੂੰ ਲਾਹੇਵੰਦ ਬਣਾਇਆ ਜਾ ਸਕੇ।

ਪੰਜਾਬ ਸਰਕਾਰ ਮੁਤਾਬਕ ਦੁੱਧ ਉਤਪਾਦਕਾਂ ਦੀ ਮੱਦਦ ਲਈ ਸਰਕਾਰ ਨੇ 1 ਅਪ੍ਰੈਲ ਤੋਂ 31 ਅਕਤੂਬਰ 2024 ਤੱਕ ਦੁੱਧ ਦੇ ਖਰੀਦ ਮੁੱਲ ‘ਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਹੈ ਅਤੇ ਦੁੱਧ 840 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ‘ਚ 6000 ਤੋਂ ਵੱਧ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਵਿੱਚ 5 ਲੱਖ ਦੁੱਧ ਉਤਪਾਦਕ ਰਜਿਸਟਰਡ ਹਨ।

ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੀ ਵੇਰਕਾ ਡੇਅਰੀ (Verka Dairy) ਵਿਖੇ ਨਵਾਂ ਪਲਾਂਟ ਜਨਤਾ ਨੂੰ ਸਮਰਪਿਤ ਕੀਤਾ, ਜਿਸ ਦੀ ਰੋਜ਼ਾਨਾ ਦੁੱਧ ਦੀ ਪ੍ਰੋਸੈਸਿੰਗ ਸਮਰੱਥਾ 9 ਲੱਖ ਲੀਟਰ ਹੈ ਅਤੇ ਇਹ ਪਲਾਂਟ 10 ਮੀਟ੍ਰਿਕ ਟਨ ਮੱਖਣ ਸਟੋਰ ਕਰਨ ਦੀ ਸਮਰੱਥਾ ਵੀ ਰੱਖਦਾ ਹੈ।

ਇਸਦੇ ਨਾਲ ਹੀ ਸੀਐੱਮ ਮਾਨ ਵੱਲੋਂ ਫ਼ਿਰੋਜ਼ਪੁਰ ‘ਚ ਵੇਰਕਾ ਡੇਅਰੀ ਪਲਾਂਟ ਨੂੰ ਵੀ ਲੋਕਾਂ ਨੂੰ ਸਮਰਪਿਤ ਕੀਤਾ, ਜੋ ਇੱਕ ਦਿਨ ‘ਚ ਇੱਕ ਲੱਖ ਲੀਟਰ ਦੁੱਧ ਨੂੰ ਪ੍ਰੋਸੈਸਿੰਗ ਕਰਨ ਅਤੇ ਪੈਕ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ ਦੁੱਧ ਉਤਪਾਦਾਂ ਦੀਆਂ ਇਕਾਈਆਂ ਦੇ ਵਿਸਤਾਰ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਫਰਮੈਂਟਿਡ ਉਤਪਾਦਾਂ (ਦਹੀ ਅਤੇ ਲੱਸੀ) ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਲਈ 1.25 ਲੱਖ ਲੀਟਰ ਪ੍ਰਤੀ ਦਿਨ (ਐਲਐਲਪੀਡੀ) ਦੀ ਸਮਰੱਥਾ ਵਾਲੇ ਜਲੰਧਰ ‘ਚ ਵੇਰਕਾ ਡੇਅਰੀ ਪਲਾਂਟ ਦਾ ਉਦਘਾਟਨ ਕੀਤਾ।ਇਹ ਪੈਕੇਜਿੰਗ ਲਈ ਨਵੀਂ ਆਟੋਮੈਟਿਕ ਯੂਨਿਟ ਹੈ|

ਉਨ੍ਹਾਂ ਕਿਹਾ ਕਿ ਮਿਲਕਫੈੱਡ (Milkfed) ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਿੰਡਾਂ ‘ਚ ਦੁੱਧ ਦੀ ਖਰੀਦ ਅਤੇ ਸਪਲਾਈ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਹੈ। ਵਿੱਤੀ ਸਾਲ 2023-24’ਚ ਮਿਲਕਫੈੱਡ ਨੇ ਪ੍ਰਤੀ ਦਿਨ 20.01 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 9.4 ਫੀਸਦੀ ਵੱਧ ਹੈ।

ਇਸ ਵੇਲੇ ਸਖ਼ਤ ਮੁਕਾਬਲੇ ਦੇ ਬਾਵਜੂਦ ਸਹਿਕਾਰੀ ਅਦਾਰੇ ਨੇ ਰੋਜ਼ਾਨਾ 12.66 ਲੱਖ ਲੀਟਰ ਪੈਕੇਟ ਦੁੱਧ ਦੀ ਵਿਕਰੀ ਕੀਤੀ ਜਦੋਂ ਕਿ ਪਿਛਲੇ ਸਾਲ ਇਸ ਦੀ ਵਿਕਰੀ 12.01 ਲੱਖ ਲੀਟਰ ਸੀ, ਜਿਸ ‘ਚ 5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਸਾਲ 2024 ‘ਚ ਮਿਲਕਫੈੱਡ ਨੇ ਲੋਕਾਂ ਦੀ ਮੰਗ ਮੁਤਾਬਕ ਪਹਿਲੀ ਵਾਰ ਸ਼ੂਗਰ ਰਹਿਤ ਖੀਰ ਅਤੇ ਮਿਲਕ ਕੇਕ ਅਤੇ ਹੋਰ ਉਤਪਾਦ ਵੇਚਣੇ ਸ਼ੁਰੂ ਕੀਤੇ।

Read More: Farmers Protest: ਪੰਜਾਬ ਬੰਦ ਦੇ ਦੌਰਾਨ ਰੇਲ ਗੱਡੀਆਂ ਬੱਸਾਂ ਬੰਦ, ਯਾਤਰੀ ਪਰੇਸ਼ਾਨ

Exit mobile version