TheUnmute.com

ਸਦੀਆਂ ਦੇ ਇਤਿਹਾਸ ਦਾ ਗਵਾਹ ਪਠਾਣਾਂ ਦਾ ਵਸਾਇਆ ਹੁਸ਼ਿਆਰਪੁਰ ਦਾ ਪਿੰਡ ਮਿਆਣੀ

ਲਿਖਾਰੀ
ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।

ਦਰਿਆ ਬਿਆਸ ਦੇ ਖੱਬੇ ਪਾਸੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਮਿਆਣੀ ਆਪਣੇ ਅੰਦਰ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਹੈ। ਪਠਾਣਾਂ ਵੱਲੋਂ ਵਸਾਏ ਇਸ ਪਿੰਡ ਦਾ ਪਹਿਲਾ ਨਾਮ ਵੀ ‘ਮਿਆਣੀ ਪਠਾਣਾਂ’ ਹੁੰਦਾ ਸੀ। ਬਾਰੀ ਦੁਆਬ (ਮਾਝਾ) ਅਤੇ ਬਿਸਤ ਦੁਆਬ (ਦੁਆਬਾ) ਵਿੱਚ ਕਈ ਪਿੰਡ ਸ਼ੇਰ ਸ਼ਾਹ ਸੂਰੀ ਦੇ ਸਮੇਂ ਅਫ਼ਗਾਨਿਸਤਾਨ ਦੇ ਪਠਾਣਾਂ ਵੱਲੋਂ ਵਸਾਏ ਗਏ ਸਨ। ਇਨ੍ਹਾਂ ਪਿੰਡਾਂ ਵਿੱਚੋਂ ਅਫ਼ਗਾਨਾਂ (ਪਠਾਣਾਂ) ਦਾ ਇੱਕ ਵੱਡਾ ਪਿੰਡ ਸੀ ਮਿਆਣੀ।

ਜਦੋਂ ਇਸ ਪਿੰਡ ਮਿਆਣੀ ਦਾ ਮੁੱਢ ਬੱਝਾ ਸੀ ਤਾਂ ਇਹ ਪਿੰਡ ਆਪਣੇ ਆਪ ਵਿੱਚ ਹੀ ਇੱਕ ਕਿਲ੍ਹੇ ਵਾਂਗ ਸੀ। ਇਸ ਪਿੰਡ ਦੀਆਂ ਤੰਗ ਅਤੇ ਵਲ-ਵਲੇਵੇਂ ਖਾਂਦੀਆਂ ਗਲੀਆਂ ਇਸਨੂੰ ਸੁਰੱਖਿਆ ਦੇ ਲਿਹਾਜ ਨਾਲ ਖਾਸ ਬਣਾਉਂਦੀਆਂ ਹਨ। ਪਹਿਲਾਂ ਸ਼ੇਰ ਸ਼ਾਹ ਸੂਰੀ, ਮੁਗਲ ਕਾਲ, ਨਾਦਰ ਸ਼ਾਹ, ਅਬਦਾਲੀ, ਅਦੀਨਾ ਬੇਗ, ਸਿੱਖ ਮਿਸਲਾਂ, ਸਰਕਾਰ ਖ਼ਾਲਸਾ ਜੀ ਅਤੇ ਬ੍ਰਿਟਸ਼ ਹਕੂਮਤ ਦੇ ਦੌਰ ਦੇਖਣ ਤੋਂ ਬਾਅਦ ਮੌਜੂਦਾ ਦੌਰ ਵਿੱਚ ਪਹੁੰਚੇ ਇਸ ਪਿੰਡ ਵਿੱਚ ਅਜੇ ਵੀ ਇਤਿਹਾਸ ਦੀਆਂ ਪੈੜਾਂ ਦੇਖੀਆਂ ਜਾ ਸਕਦੀਆਂ ਹਨ।

1 ਵਿਅਕਤੀ ਅਤੇ ਗਲ਼ੀ ਦੀ ਫ਼ੋਟੋ ਹੋ ਸਕਦੀ ਹੈ

image credit: ਇੰਦਰਜੀਤ ਸਿੰਘ ਹਰਪੁਰਾ

ਪਠਾਣਾਂ ਨੇ ਜਦੋਂ ਇਹ ਪਿੰਡ ਵਸਾਇਆ ਸੀ ਤਾਂ ਉਨ੍ਹਾਂ ਨੇ ਇਥੇ ਮਸਜ਼ਿਦਾਂ ਵੀ ਬਣਾਈਆਂ ਸਨ, ਜਿਨ੍ਹਾਂ ਵਿਚੋਂ ਇੱਕ ਵੱਡੀ ਮਸਜ਼ਿਦ ਅੱਜ ਵੀ ਓਸੇ ਹਾਲਤ ਵਿੱਚ ਖੜ੍ਹੀ ਹੈ। ਇਸ ਤੋਂ ਇਲਾਵਾ ਹੋਰ ਵੀ ਮਸਜ਼ਿਦਾਂ ਮੌਜੂਦ ਸਨ, ਜਿਨ੍ਹਾਂ ਵਿਚੋਂ ਕੁਝ ਦੇ ਨਿਸ਼ਾਨ ਹੀ ਬਚੇ ਹਨ। ਸੰਨ 1947 ਦੇ ਬਟਵਾਰੇ ਤੋਂ ਪਹਿਲਾਂ ਇਸ ਪਿੰਡ ਵਿੱਚ ਮੁਸਲਿਮ ਅਬਾਦੀ ਬਹੁ-ਗਿਣਤੀ ਵਿੱਚ ਸੀ ਪਰ ਉਸਦੇ ਬਾਵਜੂਦ ਵੀ ਇਥੇ ਹਿੰਦੂ ਅਤੇ ਜੈਨ ਧਰਮ ਦੇ ਪੈਰੋਕਾਰਾਂ ਦੀ ਵਸੋਂ ਵੀ ਅਬਾਦ ਸੀ।

ਪਿੰਡ ਮਿਆਣੀ ਵਿੱਚ ਮੁਗਲ ਅਤੇ ਸਿੱਖ ਮਿਸਲਾਂ ਤੇ ਸਿੱਖ ਰਾਜ ਦੇ ਦੌਰ ਦੇ ਮੰਦਰ ਅੱਜ ਵੀ ਮੌਜੂਦ ਹਨ, ਜਿਨ੍ਹਾਂ ਵਿੱਚ ਪਿੰਡ ਦੀ ਪੱਛਮ ਬਾਹੀ ਧਰੀਰਾਮਾ ਮੰਦਰ, ਪਿੰਡ ਦੇ ਵਿਚਕਾਰ ਪੰਡੋਰੀ ਧਾਮ ਦਾ ਮੰਦਰ ਪ੍ਰਮੁੱਖ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਜੈਨ ਮੰਦਰ ਵੀ ਹੈ ਜੋ ਹੁਣ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਗਿਆ ਹੈ। ਪਿੰਡ ਮਿਆਣੀ ਵਿੱਚ ਜੈਨ ਮੰਦਰ ਦਾ ਹੋਣਾ ਇਹ ਦਰਸਾਉਂਦਾ ਹੈ ਕਿ ਏਥੇ ਕਦੀ ਜੈਨ ਧਰਮ ਦੇ ਪੈਰੋਕਾਰ ਵੀ ਕਾਫੀ ਗਿਣਤੀ ਵਿੱਚ ਅਬਾਦ ਸਨ। ਨਾਨਕਸ਼ਾਹੀ ਇੱਟਾਂ ਨਾਲ ਬਣੇ ਜੈਨ ਮੰਦਰ ਦੇ ਖੰਡਰਾਤ ਦੱਸਦੇ ਹਨ ਕਿ ਇਥੇ ਕਦੀ ਬਹੁਤ ਸੋਹਣਾ ਮੰਦਰ ਹੁੰਦਾ ਸੀ। ਜਦੋਂ ਜੈਨ ਧਰਮ ਦੀ ਅਬਾਦੀ ਪਿੰਡ ਵਿਚੋਂ ਚਲੀ ਗਈ ਤਾਂ ਉਹ ਮੰਦਰ ਵਿੱਚ ਸ਼ੁਸੋਬਿਤ ਭਗਵਾਨ ਮਹਾਂਵੀਰ ਜੀ ਦੀ ਮੂਰਤੀ ਵੀ ਨਾਲ ਹੀ ਲੈ ਗਏ। ਹੁਣ ਤਾਂ ਮੰਦਰ ਦੇ ਖੰਡਰਾਤ ਹੀ ਇਸਦੀ ਨਿਸ਼ਾਨਦੇਹੀ ਲਈ ਬਾਕੀ ਬਚੇ ਹਨ।

ਸਿੱਖ ਮਿਸਲਾਂ ਦੇ ਦੌਰ ਵਿੱਚ ਜਦੋਂ ਮਿਆਣੀ ਦਾ ਇਲਾਕਾ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਅਧੀਨ ਕੀਤਾ ਤਾਂ ਉਸਨੇ ਪਿੰਡੋਂ ਬਾਹਰਵਾਰ ਪੱਛਮ ਦੀ ਬਾਹੀ ਦਰਿਆ ਬਿਆਸ ਵੱਲ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕੀਤਾ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਥੇ ਕਿਲ੍ਹੇ ਦੇ ਨਾਲ ਹੀ ਇੱਕ ਤਲਾਬ ਦਾ ਨਿਰਮਾਣ ਵੀ ਕਰਵਾਇਆ ਸੀ।

image credit: ਇੰਦਰਜੀਤ ਸਿੰਘ ਹਰਪੁਰਾ

ਸੰਨ 1796 ਵਿੱਚ ਕਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਦੀ ਸ਼ੁਕਰਚੱਕੀਆ ਮਿਸਲ ਦੀਆਂ ਫ਼ੌਜਾਂ ਨਾਲ ਮਿਆਣੀ ਦੇ ਕਿਲ੍ਹੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਘੇਰਾ ਪਾ ਲਿਆ। ਕਨ੍ਹਈਆ ਅਤੇ ਸ਼ੁਕਰਚੱਕੀਆ ਮਿਸਲਾਂ ਗਿਣਤੀ ਤੇ ਤਾਕਤ ਪੱਖੋਂ ਰਾਮਗੜ੍ਹੀਆ ਤੋਂ ਵਧੇਰੇ ਸਨ, ਪਰ ਇਸਦੇ ਬਾਵਜੂਦ ਵੀ ਉਹ ਮਿਆਣੀ ਦੇ ਮਜ਼ਬੂਤ ਕਿਲ੍ਹੇ ਨੂੰ ਜਿੱਤ ਨਾ ਸਕੀਆਂ। ਸਰਦਾਰਨੀ ਸਦਾ ਕੌਰ ਇਸ ਗੱਲ ਉੱਪਰ ਬਜ਼ਿਦ ਸੀ ਕਿ ਉਹ ਰਾਮਗੜ੍ਹੀਏ ਸਰਦਾਰਾਂ ਕੋਲੋਂ ਆਪਣੇ ਪਤੀ ਗੁਰਬਖਸ਼ ਸਿੰਘ ਦੀ ਮੌਤ ਦਾ ਬਦਲਾ ਲੈ ਕੇ ਹੀ ਰਹੇਗੀ।

ਸਦਾ ਕੌਰ ਤੇ ਰਣਜੀਤ ਸਿੰਘ ਦਾ ਘੇਰਾ ਕਈ ਦਿਨ ਜਾਰੀ ਰਿਹਾ ਅਤੇ ਉਨ੍ਹਾਂ ਵੱਲੋਂ ਲਗਾਤਾਰ ਮਿਆਣੀ ਦੇ ਕਿਲ੍ਹੇ ਉੱਪਰ ਹਮਲੇ ਕੀਤੇ ਜਾਂਦੇ ਰਹੇ। ਏਸੇ ਦੌਰਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਸਮੇਂ ਦੀ ਧਾਰਮਿਕ ਤੌਰ ’ਤੇ ਸਤਿਕਾਰਤ ਸਖਸ਼ੀਅਤ ਬਾਬਾ ਸਾਹਿਬ ਸਿੰਘ ਬੇਦੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁੱਲ ਵਿਚੋਂ ਸਨ ਉਨ੍ਹਾਂ ਪਾਸ ਬੇਨਤੀ ਭੇਜੀ ਕਿ ਉਹ ਸਦਾ ਕੌਰ ਨੂੰ ਹਮਲਾ ਨਾ ਕਰਨ ਲਈ ਮਨਾਉਣ। ਇਸਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਸਦਾ ਕੌਰ ਨੂੰ ਸੁਨੇਹਾ ਭੇਜਿਆ ਕਿ ਉਹ ਭਰਾ ਮਾਰੂ ਜੰਗ ਨੂੰ ਬੰਦ ਕਰ ਦੇਵੇ ਇਸ ਨਾਲ ਪੰਥ ਤੇ ਕੌਮ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ। ਪਰ ਸਦਾ ਕੌਰ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਇਸ ਬੇਨਤੀ ਨੂੰ ਠੁਕਰਾਅ ਦਿੱਤਾ।

image credit: ਇੰਦਰਜੀਤ ਸਿੰਘ ਹਰਪੁਰਾ

ਅਖੀਰ ਬਾਬਾ ਸਾਹਿਬ ਸਿੰਘ ਬੇਦੀ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਸੁਨੇਹਾ ਭੇਜਿਆ ਕਿ ਉਹ ਕਿਲ੍ਹੇ ਵਿੱਚ ਡਟਿਆ ਰਹੇ, ਵਾਹਿਗੁਰੂ ਆਪ ਸਹਾਈ ਹੋਵੇਗਾ। ਰੱਬ ਦੀ ਕਰਨੀ ਉਸ ਤੋਂ ਬਾਅਦ ਅਚਾਨਕ ਰਾਤ ਨੂੰ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਪਾਣੀ ਸਦਾ ਕੌਰ ਅਤੇ ਰਣਜੀਤ ਸਿੰਘ ਦੀ ਫ਼ੌਜਾਂ ਦੇ ਕੈਂਪਾਂ ਵਿੱਚ ਦਾਖਲ ਹੋ ਗਿਆ। ਬੜੀ ਮੁਸ਼ਕਲ ਨਾਲ ਕਨ੍ਹਈਆ ਅਤੇ ਸ਼ੁਕਰਚੱਕੀਆ ਮਿਸਲਾਂ ਦੀਆਂ ਫ਼ੌਜਾਂ ਹੜ੍ਹ ਦੇ ਪਾਣੀ ਤੋਂ ਜਾਨ ਬਚਾ ਕੇ ਵਾਪਸ ਗਈਆਂ।

ਹੁਣ ਗੱਲ ਕਰਦੇ ਹਾਂ ਪਿੰਡ ਮਿਆਣੀ ਵਿੱਚ ਰਾਮਗੜ੍ਹੀਆ ਸਰਦਾਰਾਂ ਦੇ ਉਸ ਕਿਲ੍ਹੇ ਦੀ। ਇਸ ਸਮੇਂ ਪਿੰਡ ਵਿੱਚ ਉਸ ਕਿਲ੍ਹੇ ਦਾ ਕੋਈ ਨਿਸ਼ਾਨ ਬਾਕੀ ਨਹੀਂ ਹੈ। ਹਾਂ ਪਿੰਡ ਦੇ ਬਜ਼ੁਰਗ ਜਰੂਰ ਕਿਲ੍ਹੇ ਦੀ ਨਿਸ਼ਾਨਦੇਹੀ ਦੱਸ ਦਿੰਦੇ ਹਨ। ਕਿਲ੍ਹੇ ਵਾਲੀ ਥਾਂ ਦੇ ਨਜ਼ਦੀਕ ਹੀ ਖੇਤਾਂ ਵਿੱਚ ਇੱਕ ਤਲਾਬ ਮੌਜੂਦ ਹੈ ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਵਾਇਆ ਸੀ। ਇਸ ਤਲਾਬ ਦੀਆਂ ਪੌੜੀਆਂ ਅਤੇ ਔਰਤਾਂ ਦੇ ਨਹਾਉਣ ਲਈ ਹਮਾਮ ਅੱਜ ਵੀ ਚੰਗੀ ਹਾਲਤ ਵਿੱਚ ਹਨ। ਹੁਣ ਪਿੰਡ ਵਿੱਚ ਇਹੀ ਤਲਾਬ ਹੀ ਸਿੱਖ ਮਿਸਲਾਂ ਦੇ ਦੌਰ ਦੀ ਆਖਰੀ ਨਿਸ਼ਾਨੀ ਵਜੋਂ ਬਾਕੀ ਰਹਿ ਗਿਆ ਹੈ।

image credit: ਇੰਦਰਜੀਤ ਸਿੰਘ ਹਰਪੁਰਾ

ਮੌਜੂਦਾ ਸਮੇਂ ਪਿੰਡ ਮਿਆਣੀ ਦੀ ਜਿਆਦਾ ਤਰ ਵਸੋਂ ਅਮਰੀਕਾ, ਕਨੇਡਾ ਅਤੇ ਯੂਰਪੀ ਦੇਸ਼ਾਂ ਦੀ ਵਸਨੀਕ ਬਣ ਗਈ ਹੈ ਅਤੇ ਪਿੱਛੇ ਪਿੰਡ ਵਿੱਚ ਵੱਡੀਆਂ ਅਤੇ ਆਧੁਨਿਕ ਕੋਠੀਆਂ ਇਸ ਪਿੰਡ ਦੀ ਐੱਨ.ਆਰ.ਆਈ. ਪਿੰਡ ਹੋਣ ਦੀ ਤਸਦੀਕ ਕਰਦੀਆਂ ਹਨ। ਖੈਰ ਖਲਾਅ ਕੁਦਰਤੀ ਤੌਰ ’ਤੇ ਭਰ ਹੀ ਜਾਂਦਾ ਹੈ। ਇਸ ਸਮੇਂ 1500 ਦੇ ਕਰੀਬ ਬਿਹਾਰੀ ਤੇ ਯੂ.ਪੀ. ਦੇ ਵਸਨੀਕ ਇਸ ਪਿੰਡ ਦੇ ਪੱਕੇ ਵਸਨੀਕ ਬਣ ਗਏ ਹਨ।

ਪਠਾਣਾਂ ਵੱਲੋਂ ਵਸਾਏ ਪਿੰਡ ਮਿਆਣੀ ਨੇ ਸਮੇਂ ਦੇ ਕਈ ਦੌਰ ਤੇ ਤਬਦੀਲੀਆਂ ਦੇਖੀਆਂ ਹਨ। ਦਰਿਆ ਬਿਆਸ ਦੇ ਪਾਣੀ ਦੇ ਵੇਗ ਵਾਂਗ ਇਸ ਪਿੰਡ ਵਿੱਚੋਂ ਵੀ ਕਈ ਦੌਰ ਲੰਘ ਚੁੱਕੇ ਹਨ। ਹੁਣ ਅਗਲੀ ਤਬਦੀਲੀ ਕੀ ਹੁੰਦੀ ਹੈ ਇਸਦਾ ਜੁਆਬ ਭਵਿੱਖ ਦੀ ਗਰਭ ਵਿੱਚ ਪਿਆ ਹੈ। ਪਿੰਡ ਮਿਆਣੀ ਆਪਣੇ ਇਤਿਹਾਸ ਅਤੇ ਭੁਗੋਲਿਕ ਸਥਿਤੀ ਕਾਰਨ ਹਮੇਸ਼ਾਂ ਖਾਸ ਬਣਿਆ ਰਹੇਗਾ।

Exit mobile version