ਚੰਡੀਗੜ੍ਹ 25 ਅਕਤੂਬਰ 2022: ਚੱਕਰਵਾਤੀ ਤੂਫ਼ਾਨ ਸਿਤਰੰਗ (Sitrang) ਦੇ ਮੱਦੇਨਜ਼ ਭਾਰਤੀ ਮੌਸਮ ਵਿਭਾਗ (India Meteorological Department) ਨੇ ਪੱਛਮੀ ਬੰਗਾਲ ਦੇ ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਪੂਰਬੀ ਮਿਦਨਾਪੁਰ ਜ਼ਿਲ੍ਹਿਆਂ ਵਿੱਚ ਤੂਫ਼ਾਨ ਦੇ ਸੰਭਾਵਿਤ ਪ੍ਰਭਾਵ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 24 ਤੋਂ 25 ਅਕਤੂਬਰ ਤੱਕ ਉੱਤਰੀ ਬੰਗਾਲ ਦੀ ਖਾੜੀ ਵਿੱਚ ਗਤੀਵਿਧੀਆਂ ਨੂੰ ਮੁਅੱਤਲ ਕਰਨ ਨਾਲ ਸਬੰਧਤ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਇਸ ਦੌਰਾਨ ਆਈਐਮਡੀ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਪੱਛਮੀ ਮੱਧ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਪੂਰਬੀ ਮੱਧ ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਤੂਫ਼ਾਨ ਦੇ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ, ਜਿਸਦੇ ਚੱਲਦੇ ਮਛੇਰਿਆਂ ਨੂੰ 25 ਅਕਤੂਬਰ 2022 ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ |
ਸੰਭਾਵਿਤ ਨੁਕਸਾਨ ਦੀ ਭਵਿੱਖਬਾਣੀ ਕਰਦਿਆਂ ਵਿਭਾਗ ਨੇ ਕਿਹਾ ਕਿ ਝੁੱਗੀਆਂ ਝੌਂਪੜੀਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਵਿਭਾਗੀ ਸਲਾਹ ਅਨੁਸਾਰ ਕੱਚੀਆਂ ਸੜਕਾਂ ਨੂੰ ਮਾਮੂਲੀ ਨੁਕਸਾਨ ਅਤੇ ਪੱਕੀਆਂ ਸੜਕਾਂ ਨੂੰ ਮਾਮੂਲੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸਿਰਫ਼ ਸੱਤ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਗੱਲ ਸਾਹਮਣੇ ਆਈ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਹੀ ਚਿਤਾਵਨੀ ਦਿੱਤੀ ਸੀ ਕਿ ਅੰਡੇਮਾਨ ਸਾਗਰ ‘ਤੇ ਘੱਟ ਦਬਾਅ ਵਾਲਾ ਸਿਸਟਮ ਤੇਜ਼ ਹੋ ਕੇ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ ਅਤੇ 25 ਅਕਤੂਬਰ ਨੂੰ ਪੱਛਮੀ ਬੰਗਾਲ-ਬੰਗਲਾਦੇਸ਼ ਦੇ ਤੱਟਾਂ ‘ਤੇ ਪਹੁੰਚ ਸਕਦਾ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਅਤੇ ਡੂੰਘੇ ਦਬਾਅ ਕਾਰਨ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਵੱਖ-ਵੱਖ ਥਾਵਾਂ ‘ਤੇ 50-60KMH ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ।