July 7, 2024 9:35 pm
Praneet Kaur

ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਪਟਿਆਲਾ ‘ਚ ਦੁਕਾਨ ਨੂੰ ਢਾਹੁਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਤੇ ਨਿੰਦਣਯੋਗ

ਪਟਿਆਲਾ 09 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਜਿੱਥੇ ਪੰਚਾਇਤੀ ਜ਼ਮੀਨਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ | ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਨਾਜਾਇਜ਼ ਉਸਾਰੀਆਂ ‘ਤੇ ਵੀ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੇ ਚੱਲਦਿਆਂ ਪਟਿਆਲਾ (Patiala) ਦੇ ਸੀਆਈਏ ਸਟਾਫ਼ ਨਜ਼ਦੀਕ ਕਾਂਗਰਸ ਸਰਕਾਰ ਵੇਲੇ ਬਣੀਆਂ ਚਾਰ ਦੁਕਾਨਾਂ ਤੇ ਅੱਜ ਬੁਲਡੋਜ਼ਰ ਫੇਰ ਦਿੱਤਾ ਗਿਆ |

ਇਸ ਮਾਮਲੇ ਨੂੰ ਲੈ ਕੇ ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Praneet Kaur) ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਂਸਲਰ ਵਰਸ਼ਾ ਕਪੂਰ ਦੇ ਪਤੀ ਹਰੀਸ਼ ਕਪੂਰ ਦੀ ਦੁਕਾਨ ’ਤੇ ਕੀਤੀ ਗਈ ਚੋਣਵੀਂ ਅਤੇ ਰਾਜਨੀਤੀ ਪ੍ਰੇਰਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਕਾਰਵਾਈ ਦੀ ਪ੍ਰਨੀਤ ਕੌਰ ਨੇ ਨਿੰਦਾ ਕਰਦਿਆਂ ਪ੍ਰਨੀਤ ਕੌਰ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ, ”ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਦੀ ਰਾਜਨੀਤੀ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਮੈਂ ਇਸ ਦੀ ਸਖ਼ਤ ਨਿਖੇਧੀ ਕਰਦੀ ਹਾਂ।

ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਅਨੁਸਾਰ ਉਕਤ ਵਿਵਾਦਿਤ ਡੇਰੇ ਦੀ ਜ਼ਮੀਨ ‘ਤੇ 156 ਦੇ ਕਰੀਬ ਜਾਇਦਾਦਾਂ ਹਨ ਅਤੇ ਸਿਰਫ਼ ਆਪਣੇ ਨਵੇਂ ਮਾਲਕਾਂ ਨੂੰ ਖੁਸ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਆਸੀ ਦਬਾਅ ਹੇਠ ਪੂਰੇ ਸ਼ਹਿਰ ‘ਚ ਸਿਰਫ਼ ਇਕ ਦੁਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਜੇ ਪ੍ਰਸ਼ਾਸਨ ਨੇ ਨਿਰਪੱਖ ਕਾਰਵਾਈ ਕਰਨੀ ਸੀ ਤਾਂ ਇਹ ਸਿਰਫ਼ ਸਾਡੇ ਕੌਂਸਲਰ ਨੂੰ ਕੱਢਣ ਦੀ ਬਜਾਏ ਸਾਰੀਆਂ 156 ਜਾਇਦਾਦਾਂ ‘ਤੇ ਕੀਤੀ ਜਾਣੀ ਚਾਹੀਦੀ ਸੀ।”

ਪ੍ਰਨੀਤ ਕੌਰ (Praneet Kaur) ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੈਰ-ਜਮਹੂਰੀ ਕਰਾਰ ਦਿੰਦਿਆਂ ਕਿਹਾ, “ਜਿਸ ਕਾਹਲੀ ਵਿੱਚ ਇਹ ਸਭ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ। ਬੀਤੀ ਰਾਤ ਇੱਕ ਆਰਡਰ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਦੁਕਾਨ ਦੇ ਮਾਲਕ ਨੂੰ ਆਪਣਾ ਪੱਖ ਦੱਸਣ ਜਾਂ ਅਦਾਲਤ ਦਾ ਰਸਤਾ ਅਪਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਵਾਰ-ਵਾਰ ਬੇਨਤੀ ਕਰਨ ‘ਤੇ ਵੀ ਮਾਲਕ ਨੂੰ ਦੁਕਾਨ ਤੋਂ ਆਪਣਾ ਸਮਾਨ ਨਹੀਂ ਕੱਢਣ ਦਿੱਤਾ ਗਿਆ ਅਤੇ ਸਾਰਾ ਕੁਝ ਕੂੜੇ ਵਾਂਗ ਸੜਕਾਂ ‘ਤੇ ਸੁੱਟ ਦਿੱਤਾ ਗਿਆ।”

ਉਨ੍ਹਾਂ ਭਗਵੰਤ ਮਾਨ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਬੇਨਤੀ ਕਰਦਿਆਂ ਕਿਹਾ, ‘ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਇਸ ਮਾਮਲੇ ਨੂੰ ਨਿਰਪੱਖਤਾ ਨਾਲ ਦੇਖਣ ਕਿਉਂਕਿ ਉਹ ਕਿਸੇ ਵਿਸ਼ੇਸ਼ ਪਾਰਟੀ ਦੇ ਨਹੀਂ ਸਗੋਂ ਹਰੇਕ ਵਿਅਕਤੀ ਦੇ ਮੁੱਖ ਮੰਤਰੀ ਹਨ, ਉਨ੍ਹਾਂ ਨੂੰ ਇਸ ਬਦਲਾਖੋਰੀ ਦੀ ਕਾਰਵਾਈ ਤੋਂ ਬਚਣ ਲਈ ਅਤੇ ਸਹੀ ਢੰਗ ਨਾਲ ਕੰਮ ਕਰਨ ਲਈ ਅਧਿਕਾਰੀਆਂ ਨੂੰ ਹਿਦਾਇਤ ਕਰਨ ਦੀ ਅਪੀਲ ਕਰਦੀ ਹਾਂ।”