TheUnmute.com

ਹਰ ਇੱਕ ਪੀੜਤ ਦੇ ਨੁਕਸਾਨ ਦੀ ਇਮਾਨਦਾਰੀ ਨਾਲ ਕੀਤੀ ਜਾਵੇ ਨਿਸ਼ਾਨਦੇਹੀ: ਬ੍ਰਮ ਸ਼ੰਕਰ ਜਿੰਪਾ

ਡੇਰਾਬੱਸੀ, 14 ਜੁਲਾਈ, 2023: ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Bram Shankar Jimpa)  ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ। ਅੱਜ ਡੇਰਾਬੱਸੀ ਹਲਕੇ ਵਿੱਚ ਨਦੀਆਂ ਅਤੇ ਚੋਆਂ ਵਿੱਚ ਅਚਾਨਕ ਆਏ ਪਾਣੀ ਨਾਲ ਨਗਲਾਂ, ਅੰਨਟਾਲਾ, ਸਾਰੰਗਪੁਰ, ਚਚਰੌਲੀ, ਹੰਡੇਸਰਾ ਵਿਖੇ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਕਿਹਾ ਪੰਜਾਬ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਹੜ੍ਹ ਪ੍ਰਭਾਵਿਤ ਥਾਵਾਂ ‘ਤੇ ਜਾਣ  ਦੇ ਨਾਲ ਨਾਲ ਆਪਣੇ ਸਾਰੇ ਮੰਤਰੀਆਂ ਤੇ ਐਮ.ਐਲ.ਏ ਨੂੰ ਮੁਸੀਬਤ ਦੀ ਇਸ ਘੜੀ ਵਿੱਚ ਪੀੜਤਾਂ ਤੱਕ ਪੁੱਜ ਕੇ ਉਨ੍ਹਾਂ ਨੂੰ ਹੌਂਸਲਾ ਦੇਣ, ਬਚਾਅ ਤੇ ਰਾਹਤ ਕਾਰਜਾਂ ਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਆਲਮਗੀਰ, ਟਿਵਾਣਾ, ਸਾਧਾਪੁਰ, ਡੰਗਡੇਰਾ, ਖਜੂਰ ਮੰਡੀਅਤੇ ਸਿਰਸਿਣੀ ਵਿਖੇ ਘੱਗਰ ਦੇ ਬੰਨ੍ਹ ਟੁੱਟਣ ਨਾਲ ਡੁੱਬੀ ਫ਼ਸਲ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰੇਗੀ।

ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡੀ ਵੱਡੀ ਜਿੰਮੇਵਾਰੀ ਪਾਣੀ ਉਤਰਨ ਤੋਂ ਬਾਅਦ ਕੀਤੇ ਜਾਣ ਵਾਲੇ ਅਗਲੇ ਰਾਹਤ ਅਤੇ ਬਚਾਅ ਕਾਰਜਾਂ ਦੀ ਬਣਦੀ ਹੈ। ਪੰਜਾਬ ਦੇ ਲੋਕ ਬਹਾਦਰ ਹਨ, ਜਿਨ੍ਹਾਂ ਨੇ ਇਨ੍ਹਾਂ ਕੁੱਝ ਵਾਪਰਨ ਤੇ ਵੀ ਹੌਂਸਲਾ ਨਹੀਂ ਢਾਹਿਆ ਅਤੇ ਖੁਦ ਸਰਕਾਰ ਨਾਲ ਬਚਾਅ ਕਾਰਜਾਂ ਵਿੱਚ ਸਹਿਯੋਗ ਦੇ ਰਹੇ ਹਨ। ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਨੇ ਆਖਿਆ ਕਿ ਸਰਕਾਰ ਵੱਲੋਂ ਪਿੰਡਾਂ ਚ ਪੀਣ ਵਾਲੇ ਪਾਣੀ ਸਮੇਤ ਹੋਰ ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ ਸੇਵਾਵਾਂ, ਪਸ਼ੂਆਂ ਦੀ ਸਿਹਤ ਸੰਭਾਲ ਦੇ ਵਿਸ਼ੇਸ਼ ਆਦੇਸ਼ ਦਿੱਤੇ ਗਏ ਹਨ।

 

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਇਸ ਗੱਲ ਨੂੰ ਵੀ ਯਕੀਨੀ ਬਣਾਏਗੀ ਕਿ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾ ਕੇ, ਦੱਬੀਆਂ ਡਰੇਨਾਂ ਤੇ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਕੇ ਵਹਾਅ ਨੂੰ ਯਕੀਨੀ ਬਣਾਇਆ ਜਾਵੇ। ਮੰਤਰੀ ਜਿੰਪਾ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਦੀਆਂ ਸੂਚੀਆਂ ਤਿਆਰ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਹਰੇਕ ਨੁਕਸਾਨ ਦੀ ਭਰਪਾਈ ਹੋਵੇ। ਸਰਕਾਰ ਕੋਲ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ।

ਬਾਅਦ ਵਿੱਚ ਮਾਲ ਤੇ ਮੁੜ ਵਸੇਬਾ ਮੰਤਰੀ (Bram Shankar Jimpa) ਨੇ ਐਮ ਐਲ ਏ ਰੰਧਾਵਾ ਨਾਲ ਜੋਲਾ ਕਲਾਂ ਅਤੇ ਜਾਂਡਲੀ ਵਿਚਾਲੇ ਅਕੁਮਸ ਲਾਈਫ ਸਾਇੰਸਜ਼ ਫੈਕਟਰੀ ਅੱਗੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਧਰਨੇ ਤੇ ਬੈਠੇ ਕਿਸਾਨਾਂ ਨਾਲ ਹਮਦਰਦੀ ਜਤਾਈ ਅਤੇ ਐਮ ਐਲ ਏ ਕੁਲਜੀਤ ਸਿੰਘ ਡੇਰਾਬੱਸੀ ਤੇ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੂੰ ਕਿਸਾਨਾਂ ਵੱਲੋਂ ਇਸ ਲਈ ਫੈਕਟਰੀ ਵੱਲੋਂ ਕੁਦਰਤੀ ਚੋਅ ਦਾ ਰਸਤਾ ਤੰਗ ਕੀਤੇ ਜਾਣ ਦੇ ਮਾਮਲੇ ਦੇਖਣ ਲਈ ਕਿਹਾ।

ਇਸ ਮੌਕੇ ਐਮ ਐਲ ਏ ਡੇਰਾਬੱਸੀ ਨੇ ਕਿਹਾ ਕਿ ਉਹ ਖੁਦ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਲਈ ਅਤੇ ਜ਼ਰੂਰੀ ਸੇਵਾਵਾਂ ਬਹਾਲ ਕਰਵਾਉਣ ਲਈ ਪ੍ਰਸ਼ਾਸਨਿਕ ਮਸ਼ੀਨਰੀ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਇਸ ਪੱਛੜੇ ਅਤੇ ਦੂਰ ਦੁਰਾਡੇ ਦੇ ਇਲਾਕੇ ਵਿੱਚ ਹੜ੍ਹ ਪ੍ਰਭਾਵਿਤਾਂ ਦੀ ਸਾਰ ਲੈਣ ਲਈ ਕੀਤੇ ਵਿਸ਼ੇਸ਼ ਦੌਰੇ ਲਈ ਧੰਨਵਾਦ ਕੀਤਾ।

Exit mobile version