Site icon TheUnmute.com

“ਮੌੜ” ਫਿਲਮ ਰਿਵਿਊ: ਸਾਡੇ ਬਜ਼ੁਰਗਾਂ ਦੇ ਸਮੇਂ ਦਾ ਯਾਦਗਾਰ ਕਿੱਸਾ

Maurh

ਹਰਪ੍ਰੀਤ ਸਿੰਘ ਕਾਹਲੋਂ
Sr. Executive Editor

The Unmute

|| ਮੌੜ ||
ਮਾਵਾਂ ਨੇ ਜੰਮੇ ਪੁੱਤ ਅਣਖੀ
ਤਾਹੀਓਂ ਡੀਕਦੀਆਂ ਜੇਲ੍ਹਾਂ ਨੇ !

ਪੰਜਾਬ ਦਾ ਇਤਿਹਾਸ ਲਿਖਿਆ ਘੱਟ ਸੁਣਾਇਆ ਵੱਧ ਗਿਆ ਹੈ ਜਾਂ ਕਹਿ ਲਵੋ ਕਿ ਸਾਡਾ ਇਤਿਹਾਸ ਕਿਤਾਬਾਂ ਵਿੱਚ ਘੱਟ ਜ਼ੁਬਾਨਾਂ ‘ਤੇ ਵੱਧ ਹੈ।ਇਹੋ ਕਾਰਨ ਹੈ ਕਿ ਇੱਥੇ ਬਾਤਾਂ,ਕਿੱਸਿਆਂ ਦੀ ਮਜਲਿਸ ਵਿੱਚੋਂ ਜੋ ਪੈਦਾ ਹੋਇਆ ਉਹ ਕਮਾਲ ਹੀ ਸੀ। ਜਦੋਂ ਇਤਿਹਾਸ ਬਾਦਸ਼ਾਹਾਂ ਦੀ ਬਾਤ ਪਾਉਂਦਾ ਹੈ ਤਾਂ ਲੋਕਾਈ ਦਾ ਕਿੱਸਾ ਉਸ ਇਤਿਹਾਸ ‘ਤੇ ਭਾਰੂ ਪੈਂਦਾ ਹੈ।

ਇਸ ਅਤਿ ਦੇ ਆਧੁਨਿਕ ਦੌਰ ਅੰਦਰ ਲਿਆਕਤਸ਼ਾਹੀਆਂ ਵਿੱਚ ਵੀ ਅੰਦਰੋਂ ਅਣਖੀ ਯੋਧਿਆਂ ਦੀ ਕਹਾਣੀਆਂ ਅਚਨਚੇਤੀ ਪੈਦਾ ਹੋ ਜਾਂਦੀਆਂ ਹਨ।ਪੰਜਾਬ ਦੀ ਤਾਸੀਰ ਇਹੋ ਤਾਂ ਹੈ। ਅਕਬਰ ਹੋਵੇਗਾ ਮਹਾਨ ਦੁਨੀਆਂ ਲਈ ਪਰ ਜਦੋਂ ਗੱਲ ਦੁੱਲੇ ਦੀ ਤੁਰੇ ਤਾਂ ਇਸ ਧਰਤੀ ਦੀ ਲੋਕ-ਧਾਰਾ ਲੋਹੜੀ ਮਣਾਉਂਦੀ ਹੈ। ਦੁੱਲਾ ਸਾਡਾ ਨਾਇਕ ਹੋ ਨਿਬੜਿਆ ਅਤੇ ਬਾਦਸ਼ਾਹ ਅਕਬਰ ਜੱਲਾਦ ਬਾਦਸ਼ਾਹ ਹੋ ਗਿਆ। ਬੇਹੱਦ ਖੂਬਸੂਰਤ ਪੰਜਾਬ ਦੇ ਕਵੀ ਪ੍ਰੋ ਪੂਰਨ ਸਿੰਘ ਦੀ ਅਤਿ ਸੂਖਮ ਕਵਿਤਾ ਵੀ ਇਹਨਾਂ ਯੋਧਿਆਂ ਨੂੰ ਹੀ ਮਹਿਸੂਸ ਕਰਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਇਹ ਜਵਾਨ ਪੰਜਾਬ ਦੇ ਜੋ ਮੌਤ ਨੂੰ ਮਖੌਲਾਂ ਕਰਦੇ ਮਰਨ ਤੋਂ ਡਰਦੇ ਨਹੀਂ ਹਨ।

ਮੌੜ (Maurh) ਫਿਲਮ ਪੰਜਾਬ ਦੇ ਅਜਿਹੇ ਕਿੱਸੇ ਨੂੰ ਇਸ ਦੌਰ ਦੇ ਸਿਨੇਮੇ ‘ਚ ਇੰਝ ਹੀ ਤਾਂ ਉਕੇਰਦੀ ਹੈ।ਜਤਿੰਦਰ ਮੌਹਰ ਦੀ ਫਿਲਮਸਾਜ਼ੀ ਇਸੇ ਕਰਕੇ ਹੀ ਕਮਾਲ ਹੈ।ਉਹ ਆਪਣੀ ਫਿਲਮ ‘ਚ ਚਾਹੇ ਉਹ ਮਿੱਟੀ ਹੋਵੇ ਜਾਂ ਕਿੱਸਾ ਪੰਜਾਬ ਜਾਂ ਫਿਲਮ ਮੌੜ ਹੋਵੇ,ਉਹਦੀ ਹਰ ਫਿਲਮ ਦਾ ਕੇਂਦਰੀ ਪਾਤਰ ਜਵਾਨ ਪੰਜਾਬ ਦੇ ਹੀ ਹਨ।

ਉਹ ਪੰਜਾਬੀ ਨੌਜਵਾਨੀ ਦਾ ਜੂਝਾਰੂ ਸੁਭਾਅ,ਦਲੇਰੀ,ਸੰਕਟ ਹਰ ਨਜ਼ਰੀਏ ਦੇ ਰੂਬਰੂ ਹੋਇਆ ਹੈ।ਉਸ ਕੋਲ ਲੋਕ ਧਾਰਾ ਦੀ ਨਬਜ਼ ਹੈ।ਉਹ ਆਪਣੀ ਫਿਲਮਸਾਜ਼ੀ ‘ਚ ਘੱਗਰ ਦਰਿਆ ਦੇ ਇਲਾਕੇ ਦੀ ਕਹਾਣੀ ਵਜੋਂ ਮੌੜ ਫਿਲਮ ਨੂੰ ਸੰਬੋਧਿਤ ਕਰਦਾ ਹੈ।ਉਹ ਦਰਸ਼ਕ ਨੂੰ ਇਸੇ ਇਸ਼ਾਰੇ ਨਾਲ ਰੋਹੀਆਂ ਦੀ ਲੋਕਾਈ ਵਿਖਾਉਂਦਾ ਹੈ।

ਪੰਜਾਬ ਦੇ ਇਸ ਕਮਾਲ ਦੇ ਹਦਾਇਤਕਾਰ ਹਿੱਸੇ ਪਹਿਲੀ ਵਾਰ ਵਿੱਤੀ ਤੌਰ ‘ਤੇ ਕਾਮਯਾਬ ਫਿਲਮ ਹਿੱਸੇ ਆਈ ਹੈ।ਵਿਸ਼ੇ ਤੌਰ ‘ਤੇ ਉਹਦੀ ਹਰ ਫਿਲਮ ਕਾਮਯਾਬ ਹੈ। ਖ਼ਬਰ ਇਹ ਵੀ ਸੀ ਕਿ ਮੌੜ ਦਾ ਕਿਰਦਾਰ ਦਿਲਜੀਤ ਨੇ ਨਿਭਾਉਣਾ ਸੀ।ਤਾਰੀਖਾਂ ਦਾ ਤਾਲਮੇਲ ਸੰਭਵ ਨਾ ਹੋਇਆ ਪਰ ਐਮੀ ਵਿਰਕ ਫ਼ਿਲਮ ਹਰਜੀਤੇ ਦੇ ਕਿਰਦਾਰ ਵਾਂਗੂੰ ਮੌੜ ਫਿਲਮ ਲਈ ਸਦਾ ਜ਼ਿਕਰ ਵਿੱਚ ਆਵੇਗਾ।

ਐਮੀ ਵਿਰਕ ਨੇ ਇਸ ਕਿਰਦਾਰ ਨੂੰ ਜਿਊਣੇ ਦੇ ਰੂਪ ਵਿੱਚ ਜਿਵੇਂ ਤਰਾਸ਼ਿਆ ਹੈ ਉਹ ਧਰਾਤਲ ਦੇ ਨੇੜੇ ਲੱਗਦਾ ਹੈ।ਜਿਊਣਾ ਹੈ ਤਾਂ ਪੰਜਾਬ ਦਾ ਆਮ ਬੰਦਾ ਹੀ ਸੀ।ਜੋ ਸਧਾਰਨ ਕਿਸਾਨੀ ਪਰਿਵਾਰ ਦਾ ਸਧਾਰਨ ਕਿਸਾਨ ਸੀ।ਉਹਦੇ ਹਲਾਤ ਜਿਵੇਂ ਉਹਨੂੰ ਬਾਗੀ ਬਣਾਉਂਦੇ ਹਨ।ਇਹ ਉਸ ਕਿਰਦਾਰ ਦੇ ਦੋ ਰੰਗ ਅਤੇ ਇੱਕ ਰੰਗ ਤੋਂ ਦੂਜੇ ਰੰਗ ਨੂੰ ਬਦਲਦਿਆਂ ਦਾ ਪ੍ਰਗਟਾਵਾ ਐਮੀ ਵਿਰਕ ਲਈ ਯਾਦਗਾਰ ਕਿਰਦਾਰਾਂ ਵਿੱਚੋਂ ਰਹੇਗਾ।

ਦੇਵ ਖਰੋੜ ਅਤੇ ਬਾਕੀ ਕਿਰਦਾਰਾਂ ਬਿਨਾਂ ਫ਼ਿਲਮ ਦੀ ਗੱਲ ਨਹੀਂ ਹੋ ਸਕਦੀ। ਕਿਸ਼ਨਾ ਤੇ ਜਿਊਣਾ ! ਦੋ ਭਰਾ ਸੰਵਾਦ ਵਾਹ ਵਾਹੀ ਦੇਵ ਖਰੋੜ ਦੇ ਹਿੱਸੇ ਬੇਹੱਦ ਕਮਾਲ ਆਈ ਹੈ। ਇਸ ਤੋਂ ਇਲਾਵਾ, ਇਸ ਗੱਲ ਨੂੰ ਲੈਕੇ ਮੱਤਭੇਦ ਹੋ ਸਕਦੇ ਹਨ।ਮੇਰਾ ਇਰਾਦਾ ਸਿਰਫ ਪੜਚੋਲ ਦੇ ਪੱਖੋਂ ਹੈ।ਜੱਟ ਜਿਊਣਾ ਮੌੜ ਫਿਲਮ ਸਾਡੇ ਬਜ਼ੁਰਗਾਂ ਦੇ ਸਮਿਆਂ ਦੀ ਯਾਦਗਾਰ ਫਿਲਮ ਸੀ ਪਰ ਮੈਨੂੰ ਗੱਗੂ ਗਿੱਲ ਦੀ ਫਿਲਮ ਨੇ ਕਦੀ ਵੀ ਪ੍ਰਭਾਵਿਤ ਨਹੀਂ ਕੀਤਾ।

ਇਹ ਫਿਲਮ ਦੀ ਘਾਟ ਨਹੀਂ ਹੈ।ਪੰਜਾਬੀ ਸਿਨੇਮਾ ‘ਚ ਉਸ ਵੇਲੇ ਫਿਲਮਾਂ ਉਵੇਂ ਹੀ ਬਣਦੀਆਂ ਸਨ।ਮੈਨੂੰ ਉਹ ਫਿਲਮ ਸਦਾ ਵਧੀਆ ਲੱਗਦੀ ਹੈ ਜਿਸ ਵਿੱਚ ਦ੍ਰਿਸ਼ ਦੀ ਗਤੀ,ਧੁਨੀ,ਰੌਸ਼ਨੀ ਅਤੇ ਕੈਨਵਸ ਵਿਚਲੀ ਬੁਣਤ ਕਮਾਲ ਹੋਵੇ।ਕਿਸੇ ਫਿਲਮ ਦੇ ਕਿਰਦਾਰ ਅਤੇ ਉਹਨਾਂ ਦੇ ਮੂਹੋਂ ਕਹੇ ਜਾ ਰਹੇ ਸ਼ਬਦ ਅਤੇ ਇਹਨਾਂ ਸਭ ਨੂੰ ਮਿਲਾਕੇ ਕਹਾਣੀ ਦੇ ਪਿਛੋਕੜ ਅਤੇ ਮਾਹੌਲ ਦੀ ਇੱਕ ਇੱਕ ਡਿਟੇਲਿੰਗ ਕਮਾਲ ਦੀ ਹੋਵੇ।ਜਤਿੰਦਰ ਮੌਹਰ ਦੀ ਫਿਲਮ ‘ਚ ਇਹ ਡਿਟੇਲਿੰਗ ਕਮਾਲ ਦੀ ਹੈ।

ਮੇਰਾ ਜਿੱਥੇ ਧਿਆਨ ਭਟਕਦਾ ਹੈ ਉਹ ਇਹ ਕਿ ਪੰਜਾਬ ਦੇ ਬਾਗੀ ਕਿਰਦਾਰ ਦੀ ਇਹ ਫਿਲਮ ਕਈ ਥਾਂਵੇ ਜਦੋਂ ਪਿਠਵਰਤੀ ਸੰਗੀਤ ਨਾਲ ਤੁਰਦੀ ਹੈ ਅਤੇ ਇਹਦਾ ਸੰਗੀਤ ਪੱਛਮੀ ਧੁੰਨ ਤੋਂ ਸਟੀਵਨ ਸਪੀਲਬਰਗ ਦੀ ਫ਼ਿਲਮ ‘ਦੀ ਮਾਸਕ ਆਫ ਜ਼ੋਰੋ’ ਦੀ ਯਾਦ ਦਿਵਾਉਂਦਾ ਹੈ।ਬਾਵਜੂਦ ਇਹਦੇ ਇਹ ਆਮ ਦਰਸ਼ਕ ਲਈ ਵੱਡਾ ਮਸਲਾ ਨਹੀਂ ਹੈ।

ਰਿਦਮ ਬੁਆਏ ਪ੍ਰਡਕਸ਼ਨ ਨੇ ਨਾਦ ਪ੍ਰੋਡਕਸ਼ਨ ਨਾਲ ਮਿਲਕੇ ਇਸ ਫਿਲਮ ਨੂੰ ਇਸ ਸਮੇਂ ਦੀ ਵੱਡੀ ਫਿਲਮ ਬਣਾ ਦਿੱਤਾ ਹੈ।ਮੈਂ ਇਸ ਫਿਲਮ ਨੂੰ ਰਾਤ ਦੇ ਆਖਰੀ ਸ਼ੋਅ 10.30 ਵਜੇ ਵੇਖਿਆ ਹੈ।ਰਾਤ ਦੇ ਆਖਰੀ ਸ਼ੋਅ ਵਿੱਚ ਦਰਸ਼ਕਾਂ ਦੀ ਫਿਲਮ ਪ੍ਰਤੀ ਦੀਵਾਨਗੀ 90 ਵੇਂ ਦੇ ਸਿੰਗਲ ਸਕ੍ਰੀਨ ਸਿਨੇਮਾ ਵਰਗੀ ਮਹਿਸੂਸ ਹੁੰਦੀ ਸੀ।ਇਸ ਲਿਹਾਜ਼ ਤੋਂ ਜੇ ਤੁਲਨਾ ਵੀ ਹੋਵੇਗੀ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਜੱਟ ਜਿਊਣਾ ਮੌੜ ਵਾਂਗੂ ਇਹ ਵੀ ਆਪਣੇ ਸਮੇਂ ਦੀ ਯਾਦ ਰੱਖੀ ਜਾਣ ਵਾਲੀ ਫਿਲਮ ਬਣ ਗਈ ਹੈ।ਅਜਿਹਾ ਮੇਰਾ ਨਜ਼ਰੀਆ ਹੈ।

ਮਾਵਾਂ ਨੇ ਜੰਮੇ ਪੁੱਤ ਅਣਖੀ
ਤਾਹੀਓਂ ਡੀਕਦੀਆਂ ਜੇਲ੍ਹਾਂ ਨੇ !

ਇਹ ਗੱਲ ਪੰਜਾਬ ਹਿੱਸੇ ਵੱਡੀ ਵਡਿਆਈ ਵਜੋਂ ਵਾਰ ਵਾਰ ਉੱਭਰਦੀ ਹੈ।ਫਿਲਮ ਦੇ ਸੰਵਾਦ ਪੰਜਾਬੀ ਲੋਕਾਈ ਦੇ ਅੰਦਰ ਦੀ ਦਲੇਰੀ ਨੂੰ ਪੜ੍ਹਦੇ ਵੀ ਹਨ ਅਤੇ ਫੜ੍ਹਦੇ ਵੀ ਹਨ।ਪੰਜਾਬ ਇਹੋ ਹੈ। ਜਿਵੇਂ ਪਿਛਲੇ ਦਿਨਾਂ ‘ਚ ਜਥੇਦਾਰ ਹਰਪ੍ਰੀਤ ਸਿੰਘ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਪੰਜਾਬ ਦੀ ਤਾਸੀਰ ਜਰਖੇਜ ਹੈ।

ਇੱਥੇ ਹਰ ਨਵੀਂ ਗੱਲ ਨੂੰ ਵਿਚਾਰ ਨੂੰ ਜਾਂ ਕਿਸੇ ਵੀ ਸ਼ੈਅ ਨੂੰ ਵੱਧਣ ਫੁੱਲਣ ਲਈ ਝੱਟ ਜ਼ਮੀਨ ਮਿਲਦੀ ਹੈ।ਪੰਜਾਬ ਨਵੇਂ ਨੂੰ ਅਜਮਾਉਂਦਾ ਹੈ।ਗੜਬੜ ਮਹਿਸੂਸ ਹੋਣ ‘ਤੇ ਸੁੱਟਦਾ ਵੀ ਪਹਿਲਾਂ ਹੈ।ਪੰਜਾਬ ਵਿਰੋਧ ਲਈ ਖੜ੍ਹਾ ਵੀ ਹੁੰਦਾ ਹੈ।ਮੌੜ ਫਿਲਮ ਇਸ ਨਬਜ਼ ਨੂੰ ਫੜ੍ਹਦਿਆਂ ਪੰਜਾਬ ਦੇ ਕਿੱਸੇ ਨੂੰ ਸੁਣਾਉਣ ਵੇਲੇ ਵਧੀਕੀ ਨਹੀਂ ਕਰਦੀ।

ਹਦਾਇਤਕਾਰ ਦੀ ਈਮਾਨਦਾਰੀ ਹੈ ਕਿ ਉਹਨੇ ਕਿੱਸੇ ਪ੍ਰਤੀ ਆਪਣਾ ਆਪ ਹਵਾਲਾ ਈਮਾਨਦਾਰੀ ਨਾਲ ਰੱਖਿਆ।ਫਿਲਮ ਉਦੋਂ ਹੋਰ ਕਮਾਲ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੈ ਕਿ ਕਹਾਣੀ ਕੀ ਹੈ,ਅੰਤ ਕੀ ਹੈ ਫਿਰ ਵੀ ਤੁਸੀਂ ਜੁੜਕੇ ਵੇਖਦੇ ਹੋ।ਇਹ ਸੰਜੋਗ ਹੈ ਕਿ ਇੱਕ ਮਹੀਨੇ ਅੰਦਰ ਹੀ ਰਿਦਮ ਦੀਆਂ ਦੋ ਫਿਲਮਾਂ ਜੋੜੀ ਅਤੇ ਮੌੜ ਦਾ ਮਾਹੌਲ ਇੱਕੋ ਜਿਹਾ ਹੈ।ਦੋਵਾਂ ਫਿਲਮਾਂ ਵਾਰੀ ਦਰਸ਼ਕ ਨੂੰ ਫਿਲਮ ਦੀ ਕਹਾਣੀ ਅਤੇ ਅੰਤ ਪਤਾ ਹੈ।

ਮੌੜ (Maurh) ਵਾਰੀ ਦੋ ਗੱਲਾਂ ਮੇਰੇ ਧਿਆਨ ਵਿੱਚ ਇਹ ਵੀ ਆਈਆਂ ਹਨ ਕਿ ਇਹਨੇ ਫਿਲਮ ਜਾਰੀ ਹੋਣ ਤੋਂ ਪਹਿਲਾਂ ਦੀ ਮਸ਼ਹੂਰੀ ਦੇ ਢੰਗ ਵੀ ਨਵੇਕਲੇ ਈਜਾਦ ਕੀਤੇ ਹਨ।ਪੰਜਾਬੀ ਸਿਨੇਮਾ ਕੋਲ ਆਪਣੀ ਮੂਲ ਕਹਾਣੀਆਂ ਹਨ।ਇਸ ਗੱਲ ਨੂੰ ਮੈਂ ਕਈ ਵਾਰ ਕਹਿ ਚੁੱਕਾ ਹਾਂ ਸਾਨੂੰ ਦੱਖਣੀ ਸਿਨੇਮੇ ਜਾਂ ਕਿਸੇ ਹੋਰ ਸਿਨੇਮਾ ਦੀ ਤਰਜ ‘ਤੇ ਕੁਝ ਬਣਾਉਣ ਦੀ ਲੋੜ ਨਹੀਂ।ਇਸ ਮਿੱਟੀ ਵਿੱਚ ਸਾਡੀਆਂ ਆਪਣੀਆਂ ਕਹਾਣੀਆਂ ਦਾ ਮੁੰਕਮਲ ਭੰਡਾਰ ਹੈ।

ਦੂਜਾ ਫਿਲਮ ਦੇ ਸੰਗੀਤ ਦਾ ਮੁੰਕਮਲ ਦਾਰੋਮਦਾਰ ਬੰਟੀ ਬੈਂਸ ਨੂੰ ਦਿੱਤਾ ਗਿਆ।ਜੋੜੀ ਫਿਲਮ ਦਾ ਮੁਕੰਮਲ ਸੰਗੀਤ ਵੀ ਟਰੂ ਸਕੂਲ ਕੋਲ ਸੀ। ਸੰਗੀਤ ਦਾ ਮੁੰਕਮਲ ਕੰਮ ਬਤੌਰ ਪ੍ਰੋਜੈਕਟ ਇੱਕ ਪ੍ਰੋਡਕਸ਼ਨ ਨੂੰ ਦੇਣ ਦੀ ਮਿਸਾਲ ਵੀ ਮੈਨੂੰ ਵੱਖਰੀ ਲੱਗੀ।ਬਾਗੀਆਂ ਦੀ ਕਹਾਣੀਆਂ ‘ਚ ਪਾਨ ਸਿੰਘ ਤੋਮਰ,ਬੈਡਿੰਟ ਕੁਈਨ,ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ,ਸੋਨਚਿੜੀਆ ਅਤੇ ਗੰਗਾ ਜਮੁਨਾ ਜਿਹੀਆਂ ਹਿੰਦੀ ਸਿਨੇਮੇ ਦੀ ਸੂਚੀ ਲੰਮੀ ਹੈ।ਮੌੜ ਅਜਿਹੇ ਸਿਲਸਿਲੇ ‘ਚ ਮੈਨੂੰ ਇਹਨਾਂ ਫਿਲਮਾਂ ਤੋਂ ਘੱਟ ਨਹੀਂ ਲੱਗੀ।

ਫਿਲਮ ਮੌੜ ਵੇਖਦਿਆਂ ਦੋ ਭਰਾਵਾਂ ਦੀ ਕਹਾਣੀ ਵਜੋਂ ਮੈਨੂੰ ਮੌੜ ਦੇ ਨਾਲ ਦਲੀਪ ਕੁਮਾਰ ਦੀ ਫਿਲਮ ਗੰਗਾ ਜਮੁਨਾ ਜ਼ਰੂਰ ਚੇਤੇ ਆਈ। ਗੰਗਾ ਜਮੁਨਾ ਫਿਲਮ ਵੀ ਦੋ ਭਰਾਵਾਂ ਦੀ ਕਹਾਣੀ ਹੈ।ਦੋ ਸਕੇ ਭਰਾਵਾਂ ‘ਚ ਇੱਕ ਬਾਗੀ ਹੋਵੇ ਦੂਜਾ ਪੁਲਿਸ ਵਾਲਾ ਅਜਿਹੀਆਂ ਕਹਾਣੀਆਂ ਦੀ ਪਿਰਤ ਇਸ ਫਿਲਮ ਤੋਂ ਸ਼ੁਰੂ ਹੋਈ ਸੀ।ਦਲੀਪ ਕੁਮਾਰ ਨੇ ਆਪਣੇ ਪ੍ਰੋਡਕਸ਼ਨ ‘ਚ ਇਸ ਫਿਲਮ ਨੂੰ ਬਣਾਉਦਿਆਂ ਸੰਵਾਦ ਅਵਧੀ ਲਹਿਜੇ ਵਿੱਚ ਰੱਖੇ ਸੀ।ਮੌੜ ਫਿਲਮ ਨੇ ਜਿਊਣੇ ਦੀ ਕਹਾਣੀ ਕਹਿੰਦੇ ਪੰਜਾਬੀ ਦੇ ਲਹਿਜੇ ਨੂੰ ਵੀ ਖਾਸ ਧਿਆਨ ਵਿੱਚ ਰੱਖਿਆ ਹੈ।

 

Exit mobile version