ਮੈਰੀਕਾਮ

ਮੈਰੀਕਾਮ ਵਿਸ਼ਵ ਚੈਂਪੀਅਨਸ਼ਿਪਾਂ ਤੇ ਏਸ਼ੀਆਈ ਖੇਡਾਂ ‘ਚ ਨਹੀਂ ਲਵੇਗੀ ਹਿੱਸਾ

ਚੰਡੀਗੜ੍ਹ 06 ਮਾਰਚ 2022: ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਮੈਰੀਕਾਮ ਨੇ ਨੌਜਵਾਨਾਂ ਨੂੰ ਮੌਕਾ ਦੇਣ ਲਈ ਇਸ ਸਾਲ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪਾਂ ਅਤੇ ਏਸ਼ੀਆਈ ਖੇਡਾਂ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਆਪਣੀਆਂ ਤਿਆਰੀਆਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ। ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 6 ਤੋਂ 21 ਮਈ ਤੱਕ ਤੁਰਕੀ ਦੇ ਇਸਤਾਂਬੁਲ ‘ਚ ਖੇਡੀ ਜਾਵੇਗੀ। 2022 ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ 2022 ਦੀਆਂ ਏਸ਼ੀਆਈ ਖੇਡਾਂ 10 ਸਤੰਬਰ ਤੋਂ ਸ਼ੁਰੂ ਹੋਣਗੀਆਂ।

ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐਫਆਈ) ਨੂੰ ਭੇਜੇ ਇੱਕ ਸੰਦੇਸ਼ ‘ਚ ਮੈਰੀਕਾਮ ਨੇ ਕਿਹਾ, ”ਮੈਂ ਨੌਜਵਾਨ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ ‘ਤੇ ਆਪਣਾ ਨਾਂ ਬਣਾਉਣ ਅਤੇ ‘ਐਕਸਪੋਜ਼ਰ’ ਹਾਸਲ ਕਰਨ ਦਾ ਮੌਕਾ ਦੇਣ ਲਈ ਇਨ੍ਹਾਂ ਟੂਰਨਾਮੈਂਟਾਂ ‘ਚ ਹਿੱਸਾ ਨਹੀਂ ਲੈਣਾ ਚਾਹਾਂਗੀ।” ਮੈਂ ਆਪਣਾ ਧਿਆਨ ਸਿਰਫ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ‘ਤੇ ਕੇਂਦਰਿਤ ਕਰਨਾ ਚਾਹਾਂਗੀ । ਵਿਸ਼ਵ ਚੈਂਪੀਅਨਸ਼ਿਪ ਲਈ ਸਾਰੀਆਂ 12 ਸ਼੍ਰੇਣੀਆਂ ਲਈ ਚੋਣ ਟਰਾਇਲ ਸੋਮਵਾਰ ਤੋਂ ਸ਼ੁਰੂ ਹੋਣਗੇ ਅਤੇ ਬੁੱਧਵਾਰ ਨੂੰ ਖਤਮ ਹੋਣਗੇ।

ਬੀਐਫਆਈ ਦੇ ਪ੍ਰਧਾਨ ਅਜੈ ਸਿੰਘ ਨੇ ਇੱਕ ਬਿਆਨ ‘ਚ ਕਿਹਾ ਕਿ ਮੈਰੀਕਾਮ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਮੁੱਕੇਬਾਜ਼ੀ ਦੀ ਮੁਖੀ ਰਹੀ ਹੈ ਅਤੇ ਉਸ ਨੇ ਦੁਨੀਆ ਭਰ ਦੇ ਅਣਗਿਣਤ ਮੁੱਕੇਬਾਜ਼ਾਂ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਅਸੀਂ ਉਸਦੇ ਫੈਸਲੇ ਦਾ ਪੂਰਾ ਸਨਮਾਨ ਕਰਦੇ ਹਾਂ ਅਤੇ ਦੂਜੇ ਮੁੱਕੇਬਾਜ਼ਾਂ ਨੂੰ ਮੌਕਾ ਦੇਣਾ ਉਸਦੀ ਚੈਂਪੀਅਨ ਸ਼ਖਸੀਅਤ ਦਾ ਪ੍ਰਮਾਣ ਹੈ। ਏਸ਼ੀਆਈ ਖੇਡਾਂ ਲਈ ਪੁਰਸ਼ਾਂ ਦੇ ਚੋਣ ਟਰਾਇਲ ਮਈ ‘ਚ ਹੋਣਗੇ ਜਦਕਿ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਅਤੇ ਔਰਤਾਂ ਦੇ ਟਰਾਇਲ ਜੂਨ ‘ਚ ਹੋਣਗੇ।

Scroll to Top