Site icon TheUnmute.com

ਸ਼ਹੀਦ ਹੋਏ NDRF ਦੇ ਜਵਾਨ ਮਲਕੀਤ ਸਿੰਘ ਦਾ ਜੱਦੀ ਪਿੰਡ ਵਿਖੇ ਕੀਤਾ ਗਿਆ ਅੰਤਿਮ ਸਸਕਾਰ

ਮਲਕੀਤ ਸਿੰਘ

ਚੰਡੀਗੜ੍ਹ 12 ਨਵੰਬਰ 2021 : ਬੀਤੇ ਦਿਨ ਹਿਮਾਚਲ ਦੇ ਸੁੰਦਰ ਨਗਰ ਵਿਖੇ ਐਨ.ਡੀ.ਆਰ.ਐਫ ਵੱਲੋਂ ਨਿਭਾਈ ਜਾ ਰਹੀਆਂ ਸੇਵਾਵਾਂ ਦੌਰਾਨ ਸ਼ਹੀਦ ਹੋਏ ਘਨੌਰ ਦੇ ਪਿੰਡ ਹਰਪਾਲਪੁਰ ਦੇ ਨੌਜਵਾਨ ਸੈਨਿਕ ਮਲਕੀਤ ਸਿੰਘ (30 ਸਾਲ) ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਹਰਪਾਲਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਪਰਿਵਾਰ ਦੀ ਦੁੱਖ ਦੀ ਘੜੀ ‘ਚ ਸ਼ਾਮਲ ਹੋਏ ਹਰ ਸ਼ਖ਼ਸ ਨੇ ਭਾਵੁਕ ਹੁੰਦਿਆਂ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਜਦਕਿ ਪਰਿਵਾਰਕ ਮੈਂਬਰਾਂ ‘ਚ ਪਿਤਾ ਸ. ਬਲਵਿੰਦਰ ਸਿੰਘ, ਮਾਤਾ ਸ਼ਕੁੰਤਲਾ ਦੇਵੀ, ਪਤਨੀ ਪ੍ਰੀਤੀ ਅਤੇ ਛੋਟੀ ਪੁਤਰੀ ਪ੍ਰਭਲੀਨ ਨੇ ਵੀ ਸ਼ਹੀਦ ਮਲਕੀਤ ਸਿੰਘ ਨੂੰ ਸਲਾਮੀ ਦਿੱਤੀ।
ਸ਼ਹੀਦ ਮਲਕੀਤ ਸਿੰਘ ਦੇ ਅੰਤਿਮ ਸਸਕਾਰ ਮੌਕੇ ਪੁੱਜੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸ਼ਹੀਦ ਦੀ ਦੇਹ ‘ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਉਹ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਦਿੱਤੀ ਜਾਂਦੀ ਮਦਦ ਜਲਦੀ ਤੋਂ ਜਲਦੀ ਪਰਿਵਾਰ ਨੂੰ ਮੁਹੱਈਆ ਕਰਵਾਈ ਜਾਵੇਗੀ।
ਇਸ ਦੌਰਾਨ ਐਨ.ਡੀ.ਆਰ.ਐਫ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਆਪਣੀ 7ਵੀਂ ਬਟਾਲੀਅਨ ਦੇ ਸ਼ਹੀਦ ਜਵਾਨ ਮਲਕੀਤ ਸਿੰਘ ਦੀ ਦੇਹ ਦੇ ਤਾਬੂਤ ‘ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਪਤਨੀ ਪ੍ਰੀਤੀ ਨੂੰ ਸੌਂਪਕੇ ਸਲਿਊਟ ਕੀਤਾ।
ਇਸ ਮੌਕੇ ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸ਼ਹੀਦ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ 50 ਲੱਖ ਰੁਪਏ ਦੀ ਮਾਲੀ ਮਦਦ ਤੋਂ ਇਲਾਵਾ ਸ਼ਹੀਦ ਦੀ ਧਰਮਪਤਨੀ ਨੂੰ ਸਹਿਕਾਰਤਾ ਵਿਭਾਗ ਵਿੱਚ ਨੌਕਰੀ ਦਿੱਤੀ ਜਾਵੇਗੀ।
ਸ੍ਰੀ ਜਲਾਲਪੁਰ ਨੇ ਕਿਹਾ ਕਿ ਸਾਡੇ ਸੁਰੱਖਿਆ ਬਲਾਂ ਵੱਲੋਂ ਜਿੱਥੇ ਦੇਸ਼ ਦੀਆਂ ਸਰਹੱਦਾਂ ਦੀ ਦਲੇਰੀ ਨਾਲ ਰਾਖੀ ਕੀਤੀ ਜਾਂਦੀ ਹੈ, ਉਥੇ ਦੇਸ਼ ਦੇ ਅੰਦਰੂਨੀ ਮਸਲਿਆਂ ਅਤੇ ਸੇਵਾ ਕਾਰਜਾਂ ਵਿਚ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਂਦੀ ਹੈ। ਇਸੇ ਤਰ੍ਹਾਂ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਦਾ ਫੌਜੀ ਜਵਾਨ ਮਲਕੀਤ ਸਿੰਘ (30) ਸੁੰਦਰਨਗਰ, ਮੰਡੀ (ਹਿਮਾਚਲ) ਵਿਖੇ ਸਰਚ ਆਪ੍ਰੇਸ਼ਨ ਦੌਰਾਨ ਸ਼ਹੀਦ ਹੋ ਗਿਆ ਹੈ ਅਤੇ ਸਾਨੂੰ ਪੂਰੇ ਹਲਕੇ ਘਨੌਰ ਪੰਜਾਬ ਅਤੇ ਦੇਸ਼ ਨੂੰ ਸ਼ਹੀਦ ਮਲਕੀਤ ਸਿੰਘ ਦੀ ਸ਼ਹੀਦੀ ਤੇ ਮਾਣ ਹੈ।
ਇਸ ਮੌਕੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਤਰਫ਼ੋਂ ਐਸ.ਪੀ. ਹਰਕਮਲ ਕੌਰ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਅਧਿਕਾਰੀ, ਬਲਾਕ ਸਮਿਤੀ ਘਨੌਰ ਦੇ ਚੇਅਰਮੈਨ ਜਗਦੀਪ ਸਿੰਘ ਡਿੰਪਲ ਚੱਪਡ਼, ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ, ਚੇਅਰਮੈਨ ਹਰਵਿੰਦਰ ਸਿੰਘ ਕਾਮੀ, ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਵਾਈਸ ਚੇਅਰਮੈਨ ਗੁਰਦੇਵ ਸਿੰਘ, ਸਾਬਕਾ ਚੇਅਰਮੈਨ ਅਤੇ ਮੌਜੂਦਾ ਸਰਪੰਚ ਦਰਬਾਰਾ ਸਿੰਘ ਹਰਪਾਲਪੁਰ ਬਲਾਕ ਸੰਮਤੀ ਮੈਂਬਰ ਰਾਜਵਿੰਦਰ ਸਿੰਘ ਕਾਲਾ, ਡਾਇਰੈਕਟਰ ਰਾਮ ਮੂਰਤੀ ਸ਼ਰਮਾ ਹਰਪਾਲਪੁਰ ਸਮੇਤ ਇਲਾਕੇ ਦੇ ਵਸਨੀਕ ਅਤੇ ਪਿੰਡ ਵਾਸੀ ਮੌਜੂਦ ਸਨ।

Exit mobile version