Site icon TheUnmute.com

ਬਹਾਦਰੀ ਦੀ ਮਿਸਾਲ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਪਰਿਵਾਰ ਨੇ ਕਿਹਾ-ਪੁੱਤ ਦੀ ਸ਼ਹਾਦਤ ‘ਤੇ ਮਾਣ

Colonel Manpreet Singh

ਚੰਡੀਗੜ੍ਹ, 14 ਸਤੰਬਰ 2023: ਜੰਮੂ-ਕਸ਼ਮੀਰ ਦੇ ਅਨੰਤਨਾਗ ਇਲਾਕੇ ‘ਚ ਬੀਤੇ ਦਿਨ ਸੁਰੱਖਿਆ ਬਲਾਂ ਅਤੇ ਦ+ਹਿ+ਸ਼+ਤ+ਗਰ+ਦਾਂ ਵਿਚਕਾਰ ਮੁਕਾਬਲਾ ਹੋਇਆ ਤੇ ਇਸ ਚੱਲ ਰਹੇ ਆਪ੍ਰੇਸ਼ਨ ਦੌਰਾਨ ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ (Colonel Manpreet Singh), ਮੇਜਰ ਆਸ਼ੀਸ਼ ਧੌਣਕ ਅਤੇ ਡੀ.ਐਸ.ਪੀ. ਹੁਮਾਯੂੰ ਭੱਟ ਸ਼ਹੀਦ ਹੋ ਗਏ। ਹਾਲਾਂਕਿ ਆਪ੍ਰੇਸ਼ਨ ਅਜੇ ਵੀ ਜਾਰੀ ਹੈ ਅਤੇ ਜੰਮੂ-ਕਸ਼ਮੀਰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਫ਼ੌਜ ਵਲੋਂ 2 ਐਲ.ਈ.ਟੀ. ਦ+ਹਿ+ਸ਼+ਤ+ਗਰ+ਦਾਂ ਨੂੰ ਘੇਰ ਲਿਆ ਗਿਆ ਹੈ।

ਸ਼ਹੀਦ ਮਨਪ੍ਰੀਤ ਸਿੰਘ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੱਲਾਂਪੁਰ ਦੇ ਰਹਿਣ ਵਾਲੇ ਸਨ | ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਮੁਕਾਬਲੇ ‘ਚ ਸ਼ਹੀਦ ਹੋਏ ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਨੇ ਬਹਾਦਰੀ ਦੀ ਮਿਸਾਲ ਹਨ। ਕਰਨਲ ਮਨਪ੍ਰੀਤ ਨੂੰ ਦੋ ਸਾਲ ਪਹਿਲਾਂ ਆਰਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਨੇ ਕਈ ਵਾਰ ਅਦੁੱਤੀ ਸਾਹਸ ਦਾ ਪ੍ਰਦਰਸ਼ਨ ਕੀਤਾ ਅਤੇ ਦੁਸ਼ਮਣਾਂ ਤੋਂ ਛੱਕੇ ਛੁਡਾਏ । ਇਸ ਬਹਾਦਰੀ ਲਈ ਭਾਰਤੀ ਫੌਜ ਨੇ ਉਨ੍ਹਾਂ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ। ਉਸ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਮਨਪ੍ਰੀਤ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸਨੇ ਮੁੱਲਾਂਪੁਰ ਵਿੱਚ ਏਅਰ ਫੋਰਸ ਸਟੇਸ਼ਨ ਨੇੜੇ ਕੇਂਦਰੀ ਵਿਦਿਆਲਿਆ ਵਿੱਚ ਸਿੱਖਿਆ ਪ੍ਰਾਪਤ ਕੀਤੀ।

ਮਨਪ੍ਰੀਤ ਸਾਲ 2003 ਵਿੱਚ ਫੌਜ ਵਿੱਚ ਲੈਫਟੀਨੈਂਟ ਕਰਨਲ ਬਣਿਆ। ਸਾਲ 2005 ਵਿੱਚ ਉਨ੍ਹਾਂ ਨੂੰ ਕਰਨਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਦੇਸ਼ ਦੇ ਦੁਸ਼ਮਣਾਂ ਨੂੰ ਮਾਰਨ ਲਈ ਭਾਰਤੀ ਫੌਜ ਦੇ ਕਈ ਆਪਰੇਸ਼ਨਾਂ ਦੀ ਅਗਵਾਈ ਕੀਤੀ। ਛੋਟੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਸਿੰਘ (Colonel Manpreet Singh) 2019 ਤੋਂ 2021 ਤੱਕ ਫੌਜ ਵਿੱਚ ਸੈਕਿੰਡ ਇਨ ਕਮਾਂਡ ਵਜੋਂ ਤਾਇਨਾਤ ਸਨ। ਬਾਅਦ ਵਿੱਚ ਉਸਨੇ ਕਮਾਂਡਿੰਗ ਅਫਸਰ ਵਜੋਂ ਕੰਮ ਕੀਤਾ।

ਕਰਨਲ ਮਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਅੱਜ ਸ਼ਾਮ ਤੱਕ ਸ਼ਹੀਦ ਮਨਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਦੀ ਉਮੀਦ ਲਗਾਈ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਮਨਪ੍ਰੀਤ ਸਿੰਘ ਦੇ ਪਿਤਾ ਲਖਬੀਰ ਸਿੰਘ ਵੀ ਆਰਮੀ ਵਿੱਚ ਸਨ।

ਕਰਨਲ ਮਨਪ੍ਰੀਤ ਸਿੰਘ ਆਪਣਾ ਹੱਸਦਾ ਵੱਸਦਾ ਘਰ ਛੱਡ ਕੇ ਦੇਸ਼ ਤੋਂ ਜਾਨ ਵਾਰ ਗਿਆ। ਕਰਨਲ ਦੇ ਪਿੱਛੇ ਉਸ ਦੀ ਪਤਨੀ, 7 ਸਾਲ ਦਾ ਬੇਟਾ ਕਬੀਰ ਸਿੰਘ ਅਤੇ ਢਾਈ ਸਾਲ ਦੀ ਬੇਟੀ ਬਾਣੀ ਹੈ। ਮਨਪ੍ਰੀਤ ਸਿੰਘ ਦੇ ਭਰਾ ਦਾ ਨਾਮ ਸੰਦੀਪ ਸਿੰਘ ਅਤੇ ਭੈਣ ਦਾ ਨਾਂ ਸੰਦੀਪ ਕੌਰ ਹੈ ਦੋਵੇਂ ਮਨਪ੍ਰੀਤ ਤੋਂ ਛੋਟੇ ਹਨ। ਪਰਿਵਾਰ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ ‘ਤੇ ਮਾਨ ਹੈ ਜੋ ਦੇਸ਼ ਦੇ ਲਈ ਕੁਰਬਾਨ ਹੋਇਆ ਹੈ। ਸ਼ਹੀਦ ਦੀ ਮਾਤਾ ਮਨਜੀਤ ਕੌਰ ਜਿਨ੍ਹਾਂ ਦੀ ਉਮਰ 68 ਸਾਲ ਦੇ ਕਰੀਬ ਹੈ। ਉਹ ਆਪਣੇ ਛੋਟੇ ਪੁੱਤਰ ਸੰਦੀਪ ਸਿੰਘ ਨਾਲ ਪਿੰਡ ਵਿੱਚ ਰਹਿੰਦੀ ਹੈ।

ਮਨਪ੍ਰੀਤ ਸਿੰਘ ਦੇ ਪਿਤਾ ਸੇਵਾਮੁਕਤੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਨ। ਨੌਕਰੀ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਇਸ ਲਈ ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਨਾਨ-ਟੀਚਿੰਗ ਸਟਾਫ਼ ਵਿੱਚ ਭਰਤੀ ਕੀਤਾ ਗਿਆ। ਫਿਲਹਾਲ ਸੰਦੀਪ ਸਿੰਘ ਪੰਜਾਬ ਯੂਨੀਵਰਸਿਟੀ ਵਿੱਚ ਹੀ ਕੰਮ ਕਰਦਾ ਹੈ।

 

 

Exit mobile version