ਚੰਡੀਗੜ੍ਹ, 06 ਨਵੰਬਰ 2023: ਮਾਨਸਾ ਸ਼ਹਿਰ ਵਿੱਚ ਇੱਕ ਮੈਰਿਜ ਪੈਲੇਸ (Marriage palace) ਵਿਆਹ ਤੋਂ ਪਹਿਲਾਂ ਹੀ ਢਹਿ-ਢੇਰੀ ਹੋ ਗਿਆ। ਬਾਰਾਤ ਆਉਣ ਤੋਂ ਪਹਿਲਾਂ ਮੈਰਿਜ ਪੈਲੇਸ ਢਹਿ ਗਿਆ। ਰਾਹਤ ਦੀ ਖ਼ਬਰ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ |
ਮਿਲੀ ਜਾਣਕਾਰੀ ਮੁਤਾਬਕ ਮਾਨਸਾ ਦੇ ਇੱਕ ਪੈਲੇਸ (Marriage palace) ਵਿੱਚ ਵਿਆਹ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਬਾਅਦ ਵਿੱਚ ਪੂਰਾ ਪੈਲੇਸ ਢਹਿ-ਢੇਰੀ ਹੋ ਗਿਆ। ਪਰਿਵਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਜੇਕਰ ਇਹ ਹਾਦਸਾ ਕੁਝ ਘੰਟੇ ਬਾਅਦ ਹੋ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਛੱਤ ਹੇਠਾਂ ਡਿੱਗ ਗਿਆ ਤੇ ਅੰਦਰ ਪਿਆ ਸਾਮਾਨ ਨੁਕਸਾਨਿਆ ਗਿਆ।
ਪਰਿਵਾਰ ਮੁਤਾਬਕ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਲੜਕੀ ਦਾ ਵਿਆਹ ਹੈ ਤੇ ਬਰਨਾਲੇ ਦੇ ਪਿੰਡ ਠੀਕਰੀਵਾਲਾ ਤੋਂ ਦੁਪਹਿਰ ਸਮੇਂ ਬਾਰਾਤ ਆਉਣੀ ਸੀ ਜਿਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਉੱਥੇ ਹੀ ਉਨ੍ਹਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਬਣੇ ਸਾਰੇ ਪੈਲੇਸਾਂ ਦੀ ਜਾਂਚ ਕੀਤੀ ਜਾਵੇ ਤੇ ਭਵਿੱਖ ਵਿੱਚ ਅਜਿਹਾ ਕੋਈ ਹਾਦਸਾ ਨਾ ਵਾਪਰੇ।