July 5, 2024 7:14 am

ਪਸ਼ੂ ਪਾਲਣ ਦੇ ਧੰਦੇ ਨੂੰ ਲਾਭਕਾਰੀ ਬਣਾਉਣ ਲਈ ਮੰਡੀਕਰਨ ਦੇ ਢਾਂਚੇ ਨੂੰ ਮਜਬੂਤ ਕੀਤਾ ਜਾਵੇਗਾ: ਕੁਲਦੀਪ ਧਾਲੀਵਾਲ

ਪਸ਼ੂ ਪਾਲਣ ਮੰਤਰੀ ਕੁਲਦੀਪ ਧਾਲੀਵਾਲ ਨੇ ਪਸ਼ੂ ਪਾਲਣ ਦੇ ਧੰਦੇ ਨਾਲ ਨੌਜਵਾਨਾਂ ਨੂੰ ਜੋੜਨ ਲਈ ਨੀਤੀ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਜਾਰੀ |

ਪਸ਼ੁ ਪਾਲਕਾਂ ਦੇ ਨੁਕਾਸਾਨ ਦੀ ਭਰਪਾਈ ਲਈ ਸੁਖਾਲੀ ਬੀਮਾ ਪਾਲਸੀ ਲਿਆਂਦੀ ਜਾਵੇਗੀ |

ਐਸ.ਏ.ਐਸ ਨਗਰ, 28 ਮਾਰਚ 2022: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਕੁਲਦੀਪ ਧਾਲੀਵਾਲ (Kuldeep Dhaliwal) ਨੇ ਸੂਬੇ ਦੇ ਨੌਜਵਾਨਾਂ ਨੂੰ ਪਸ਼ੂ ਪਾਲਣ ਦੇ ਸਹਾਇਕ ਧੰਦੇ ਨਾਲ ਜੋੜਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਅਜਿਹੀ ਨੀਤੀ ਤਿਆਰ ਕੀਤੀ ਜਾਵੇ ਜਿਸ ਨਾਲ ਵੱਧ ਤੋਂ ਵੱਧ ਨੌਜਾਵਨ ਪਸ਼ੂ ਪਾਲਣ ਦੇ ਧੰਦੇ ਨੂੰ ਅਪਣਾ ਕੇ ਆਪਣੇ ਕਾਰੋਬਾਰ ਸ਼ੂਰੁ ਕਰ ਸਕਣ।ਅੱਜ ਇੱਥੇ ਪਸ਼ੂ ਪਾਲਣ ਵਿਭਾਗ ਦੇ ਮੁੱਖ ਦਫਤਰ ਵਿਖੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਦੌਰਾਨ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਚਾਰਾ, ਫੀਡ ਅਤੇ ਦਵਾਈਆਂ ਮਹਿੰਗੀਆਂ ਹੋਣ ਕਾਰਨ ਪਸ਼ੂ ਪਾਲਣ ਦਾ ਧੰਦਾ ਬਹੁਤਾ ਲਾਭਕਾਰੀ ਨਹੀਂ ਰਿਹਾ।

Kuldeep Dhaliwal

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਸਸਤੀ ਮਿਆਰੀ ਫੀਡ ਅਤੇ ਸਸਤੀਆਂ ਦਵਾਈਆਂ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਲਈ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਇਸ ਧੰਦੇ ਨੂੰ ਲਾਭਦਾਇਕ ਬਣਾਇਆ ਜਾ ਸਕੇ।ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਪ੍ਰਫੁਲਤ ਕਰਨ ਲਈ ਵਧੀਆ ਮੰਡੀਕਰਨ ਦਾ ਢਾਂਚਾ ਖੜਾ ਕਰਨ ਦੀ ਲੋੜ ਹੈ ਤਾਂ ਜੋ ਪਸ਼ੂ ਪਾਲਕ ਆਪਣੇ ਪਸ਼ੂ ਅਤੇ ਮੀਟ, ਦੁੱਧ, ਅੰਡੇ ਆਦਿ ਪਦਾਰਥ ਅਸਾਨੀ ਨਾਲ ਵਧੀਆ ਭਾਅ ‘ਤੇ ਵੇਚ ਸਕਣ।ਇਸ ਸਬੰਧੀ ਉਨ੍ਹਾ ਅਧਿਕਾਰੀਆਂ ਕਿਹਾ ਕਿ ਮੰਡੀਕਰਨ ਦੇ ਢਾਂਚੇ ਨੂੰ ਮਜਬੂਤ ਕਰਨ ਲਈ ਇੱਕ ਰੋਡਮੈਪ ਉਨ੍ਹਾਂ ਨਾਲ ਸਾਂਝਾ ਕੀਤਾ ਜਾਵੇ ਜਿਸ ਨੂੰ ਜਲਦ ਤੋਂ ਜਲਦ ਅਮਲੀ ਰੂਪ ਪਹਿਨਾਇਆ ਜਾਵੇਗਾ।ਇਸ ਦੇ ਨਾਲ ਹੀ ਕਿਹਾ ਕਿ ਸੂਬੇ ਵਿਚ ਘੋੜਿਆਂ ਦਾ ਕਾਰੋਬਾਰ ਕਾਫੀ ਵਧ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਸਟੱਡ ਫਾਰਮ ਵੀ ਬਣਾਏ ਹਨ।ਉਨ੍ਹਾਂ ਕਿਹਾ ਕਿ ਘੋੜਿਆਂ ਦੇ ਕਾਰੋਬਾਰ ਵਿਚ ਐਨ.ਆਰ.ਆਈ ਭਰਾ ਵੀ ਬਹੁਤ ਰੁਚੀ ਦਿਖਾ ਰਹੇ ਹਨ।ਘੋੜਿਆਂ ਦੀ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ‘ਤੇ ਵੇਚ ਵੱਟ ਲਈ ਵਿਭਾਗ ਨੂੰ ਵਿਸੇਸ਼ ਨੀਤੀ ਤਿਆਰ ਕਰਨ ਲਈ ਵੀ ਪਸ਼ੂ ਪਾਲਣ ਮੰਤਰੀ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਕੁਲਦੀਪ ਸਿੰਘ ਧਾਲੀਵਾਲ ((Kuldeep Singh Dhaliwal) ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਈ ਵਾਰ ਕੁਦਰਤੀ ਕਾਰਨਾ ਕਰਕੇ ਜਾ ਕਈ ਹੋਰਨਾ ਕਾਰਨਾ ਕਰਕੇ ਪਸ਼ੂ ਪਾਲਕਾਂ ਨੂੰ ਵੱਡੇ ਘਾਟੇ ਪੈ ਜਾਂਦੇ ਹਨ ਜਿਸ ਕਾਰਨ ਉਹ ਪਸ਼ੂ ਪਾਲਣ ਦੇ ਸਹਾਇਕ ਧੰਦੇ ਤੋਂ ਕਿਨਾਰਾ ਕਰ ਜਾਂਦੇ ਹਨ।ਉਨ੍ਹਾਂ ਕਿ ਇਸ ਘਾਟੇ ਦੀ ਭਰਪਾਈ ਲਈ ਵਿਭਾਗ ਵਲੋਂ ਸੁਖਾਲੀ ਬੀਮਾ ਪਾਲਸੀ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।

ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੀ ਵਿਸ਼ੇਸ ਮੁੱਖ ਸਕੱਤਰ ਰਵਨੀਤ ਕੌਰ, ਸਕੱਤਰ ਮਾਲਵਿੰਦਰ ਸਿੰਘ ਜੱਗੀ, ਜੁਆਇੰਟ ਸਕੱਤਰ ਰਾਜਪਾਲ ਸਿੰਘ, ਵਾਈਸ਼ ਚਾਂਸਲਰ ਗਡਵਾਸੂ ਡਾ. ਇੰਦਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਡਾ. ਐਸ.ਐਸ ਕਾਹਲੋ, ਡਾਇਰੈਕਟਰ ਡੇਅਰੀ ਵਿਕਾਸ ਕਰਨੈਲ ਸਿੰਘ, ਡਾਇਰੈਕਟਰ ਮੱਛੀ ਪਾਲਣ ਰਜਿੰਦਰ ਕੁਮਾਰ ਕਟਾਰੀਆ ਤੋਂ ਇਲਾਵਾ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।