ਚੰਡੀਗੜ੍ਹ 09 ਨਵੰਬਰ 2022: ਅਰਬਪਤੀ ਕਾਰੋਬਾਰੀ ਐਲਨ ਮਸਕ ਦੇ ਹੱਥਾਂ ‘ਚ ਟਵਿਟਰ ਦੀ ਵਾਗਡੋਰ ਆਉਂਦੇ ਹੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਦਲਾਅ ਨਜ਼ਰ ਆਉਣ ਲੱਗੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਹੈਂਡਲ ‘ਤੇ ‘ਆਫੀਸ਼ੀਅਲ’ ਲੇਬਲ ਜੋੜਿਆ ਗਿਆ ਹੈ। ਟਵਿੱਟਰ ਨੇ ਟਵਿੱਟਰ ਬਲੂ ਅਕਾਉਂਟ ਅਤੇ ਵੈਰੀਫਾਈਡ ਅਕਾਉਂਟ ਵਿੱਚ ਫਰਕ ਕਰਨ ਲਈ ਇਸ ਫੀਚਰ ਨੂੰ ਜੋੜਿਆ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਵੈਰੀਫਾਈਡ ਬਲੂ ਟਿਕ ਟਵਿੱਟਰ ਹੈਂਡਲ ਨੂੰ ‘ਆਫੀਸ਼ੀਅਲ’ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ‘ਆਫੀਸ਼ੀਅਲ’ ਦੇ ਅੱਗੇ ਚੱਕਰ ‘ਤੇ ਇੱਕ ਸਲੇਟੀ ਟਿੱਕ ਜੋੜਿਆ ਗਿਆ ਹੈ। ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਡਾ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੁਝ ਹੋਰ ਮੰਤਰੀਆਂ ਦੇ ਟਵਿੱਟਰ ਹੈਂਡਲ ‘ਤੇ ਵੀ ਇਹੀ ਲੇਬਲ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ ਇਹ ਲੇਬਲ ਸਚਿਨ ਤੇਂਦੁਲਕਰ ਸਮੇਤ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ, ਕੁਝ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ‘ਚ ਯੂਜ਼ਰਸ ਨੂੰ ਆਪਣੇ ਪਲੇਟਫਾਰਮ ‘ਤੇ ਬਲੂ ਟਿੱਕ ਫੀਚਰ ਲਈ ਅੱਠ ਅਮਰੀਕੀ ਡਾਲਰ ਚਾਰਜ ਕਰਨ ਲਈ ਕਿਹਾ ਹੈ। ਇਨ੍ਹਾਂ ਅੱਠ ਡਾਲਰਾਂ ਦੇ ਬਦਲੇ ਕੰਪਨੀ ਆਪਣੇ ਉਪਭੋਗਤਾਵਾਂ ਨੂੰ ਕਈ ਵਿਸ਼ੇਸ਼ ਲਾਭ ਦੇਣ ਜਾ ਰਹੀ ਹੈ। ਯਾਨੀ ਪੈਸੇ ਦੇ ਕੇ ਕੋਈ ਵੀ ਬਲੂ ਟਿੱਕ ਲਗਾ ਸਕਦਾ ਹੈ।