ਚੰਡੀਗੜ੍ਹ, 06 ਅਪ੍ਰੈਲ 2023: ਕਾਂਗਰਸ (Congress) ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਦੇ ਮੌਜੂਦਾ ਬਜਟ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਸੰਸਦ ਭਵਨ ਤੋਂ ਵਿਜੇ ਚੌਂਕ ਤੱਕ ਤਿਰੰਗਾ ਮਾਰਚ ਕੱਢਿਆ। ਇੱਥੇ ਸੰਸਦ ਮੈਂਬਰਾਂ ਦੇ ਮਾਰਚ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੈ। ਵਿਜੇ ਚੌਂਕ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਲੀ ਪੁਲਿਸ ਦੇ ਨਾਲ-ਨਾਲ ਕੇਂਦਰੀ ਬਲ ਦੇ ਜਵਾਨ ਵੀ ਮੌਕੇ ‘ਤੇ ਤਾਇਨਾਤ ਕੀਤੇ ਗਏ ਹਨ।
ਇਸ ਮਾਰਚ ਦੌਰਾਨ ਕਾਂਗਰਸ (Congress) ਆਗੂ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੋਦੀ ਸਰਕਾਰ ਲੋਕਤੰਤਰ ਦੀ ਗੱਲ ਤਾਂ ਬਹੁਤ ਕਰਦੀ ਹੈ, ਪਰ ਉਸ ਦੇ ਅਧੀਨ ਨਹੀਂ ਚੱਲਦੀ। 50 ਲੱਖ ਕਰੋੜ ਦਾ ਬਜਟ 12 ਮਿੰਟਾਂ ਵਿੱਚ ਪਾਸ ਕਰ ਦਿੱਤਾ ਗਿਆ। ਉਹ ਕਹਿੰਦੇ ਹਨ ਕਿ ਵਿਰੋਧੀ ਧਿਰ ਨੂੰ ਕੋਈ ਦਿਲਚਸਪੀ ਨਹੀਂ ਹੈ। ਪਰ ਜਦੋਂ ਵੀ ਅਸੀਂ ਬੋਲਣ ਲਈ ਉੱਠੇ, ਉਨ੍ਹਾਂ ਨੇ ਸਾਨੂੰ ਬੋਲਣ ਨਹੀਂ ਦਿੱਤਾ। ਜੇਪੀਸੀ ਦੀ ਸਾਡੀ ਮੰਗ ਵੀ ਰੱਦ ਕਰ ਦਿੱਤੀ ਗਈ। ਸਾਡਾ ਸਵਾਲ ਹੈ ਕਿ ਤੁਸੀਂ ਜੇਪੀਸੀ ਬਣਾਉਣ ਤੋਂ ਕਿਉਂ ਡਰਦੇ ਹੋ? ਉਨ੍ਹਾਂ ਨੇ ਕਿਹਾ, “ਮੁੱਦਿਆ ਤੋਂ ਧਿਆਨ ਭੜਕਾਉਣ ਲਈ, ‘ਰਾਹੁਲ ਗਾਂਧੀ ਮੁਆਫ਼ੀ ਮੰਗੋ’ ਦਾ ਮੁੱਦਾ ਲਿਆਂਦਾ ਜਾ ਰਿਹਾ ਹੈ । ਪ੍ਰਧਾਨ ਮੰਤਰੀ ਖੁਦ ਸਦਨ ਵਿੱਚ ਨਹੀਂ ਰਹਿੰਦੇ ਹਨ। ਇਸ ਦੌਰਾਨ ਉਹ ਦੌਰੇ ‘ਤੇ ਹਨ। ਉਹ ਚੋਣ ਪ੍ਰਚਾਰ ਲਈ ਜਾਂਦੇ ਹਨ।