ਚੰਡੀਗੜ੍ਹ 15 ਅਕਤੂਬਰ 2022: ਭਾਰਤੀ ਜਨਤਾ ਪਾਰਟੀ (Bharatiya Janata Party) ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਉਲੀਕੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਸਰਕਾਰ ਵੱਲੋਂ ਜਨਤਾ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਵਿੱਚ ਕਾਨੂੰਨ-ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ।
ਸੂਬੇ ਵਿੱਚ ਦੇਸ਼-ਵਿਰੋਧੀ ਤਾਕਤਾਂ ਸਿਰ ਚੁੱਕ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾਹੌਲ ਅਜਿਹਾ ਬਣਾ ਦਿੱਤਾ ਹੈ ਕਿ ਸੂਬੇ ਦਾ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅਤੇ ਸੂਬੇ ਦੇ ਲੋਕਾਂ ਨੂੰ ਰੱਬ ਦੇ ਭਰੋਸੇ ਛੱਡ ਕੇ ਦੂਜੇ ਰਾਜਾਂ ਵਿੱਚ ਚੋਣ-ਪ੍ਰਚਾਰ ਕਰਨ ਵਿੱਚ ਮਸਤ ਹਨ।
ਅਸ਼ਵਨੀ ਸ਼ਰਮਾ ਨੇ ਪੰਜਾਬ ‘ਚ ਨਸ਼ਿਆਂ ਕਾਰਨ ਰੋਜ਼ਾਨਾ ਹੋ ਰਹੀਆਂ ਮੌਤਾਂ ‘ਤੇ ਭਗਵੰਤ ਮਾਨ ਸਰਕਾਰ ਦੀ ਕਾਰਜਸ਼ੈਲੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਘਰ-ਘਰ ਰਾਸ਼ਨ ਤਾਂ ਨਹੀਂ ਪੁੱਜਦਾ, ਪਰ ਨਸ਼ੇ ਦੀ ਹੋਮ ਡਿਲੀਵਰੀ ਘਰ-ਘਰ ਹੋ ਰਹੀ ਹੈ। ਪੰਜਾਬ ਵਿੱਚ ਅੱਜ ਨੌਜਵਾਨ ਹੀ ਨਹੀਂ ਸਗੋਂ ਮੁਟਿਆਰਾਂ ਵੀ ਨਸ਼ੇ ‘ਚ ਡਿਗਦੀਆਂ-ਢਹਿੰਦੀਆਂ ਸ਼ਰੇਆਮ ਸੜਕਾਂ ’ਤੇ ਨਜ਼ਰ ਆਉਣ ਲੱਗ ਪਈਆਂ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਪੰਜਾਬ ਵਿੱਚ ਨਸ਼ਿਆਂ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਇਸਦਾ ਸਪਸ਼ਟ ਮਤਲਬ ਇਹ ਹੈ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਦੋਵੇਂ ਪੰਜਾਬ ਵਿੱਚ ਨਸ਼ੇ ਨੂੰ ਰੋਕਣ ਵਿੱਚ ਅਸਫਲ ਸਾਬਤ ਹੋਏ ਹਨ। ਪੰਜਾਬ ਵਿੱਚੋਂ ਕੁਝ ਹੀ ਦਿਨਾਂ ਵਿੱਚ ਨਸ਼ਿਆਂ ਦੇ ਖਾਤਮੇ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਅਤੇ ਕੇਜਰੀਵਾਲ ਹੁਣ ਇਸ ਮੁੱਦੇ ’ਤੇ ਗੱਲ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਐਸਵਾਈਐਲ ਮੁੱਦੇ ‘ਤੇ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਐਸਵਾਈਐਲ ਮੁੱਦੇ ‘ਤੇ ਪੰਜਾਬ ਭਾਜਪਾ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ, ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਿਰਫ਼ ਨੌਕਰੀਆਂ ਦੇ ਐਲਾਨ ਕਰ ਰਹੇ ਹਨ, ਪਰ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ। ਭਗਵੰਤ ਮਾਨ ਦੇ ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ‘ਚ ਕੋਈ ਕੰਮ ਨਹੀਂ ਹੋ ਰਿਹਾ, ਸਿਰਫ ਪ੍ਰਦਰਸ਼ਨ ਹੀ ਹੋ ਰਹੇ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਦੀ ਆਵਾਜ਼ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ।
ਡਾ: ਸੁਭਾਸ਼ ਸ਼ਰਮਾ (ਸੂਬਾ ਜਨਰਲ ਸਕੱਤਰ) ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇ ਕਿਹਾ ਕਿ ਭਾਜਪਾ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਅਗਵਾਈ ਹੇਠ ਅੱਜ ਭਾਜਪਾ ਪਰਿਵਾਰ ਵਿੱਚ ਲੁਧਿਆਣਾ ਤੋਂ ਕੌਂਸਲਰ ਪ੍ਰਭਜੋਤ ਕੌਰ, ਬੀ.ਸੀ. ਕਮਿਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ, ਸੇਵਾਮੁਕਤ ਐਸ.ਪੀ. ਪੰਜਾਬ ਪੁਲਿਸ ਦੇ ਸਤੀਸ਼ ਮਲਹੋਤਰਾ, ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ ਬਲਜਿੰਦਰ ਸਿੰਘ ਪਨੇਸਰ, ਸ਼੍ਰੋਮਣੀ ਅਕਾਲੀ ਦਲ ਦੇ ਗੈਰ-ਨਿਵਾਸੀ ਵਿੰਗ ਦੇ ਪ੍ਰਧਾਨ ਰਾਜੇਸ਼ ਮਿਸ਼ਰਾ, ਲੁਧਿਆਣਾ ਦੇ ਸਾਬਕਾ ਕੌਂਸਲਰ ਰਾਧਾ ਕ੍ਰਿਸ਼ਨ, ਐਂਟੀ ਨਾਰਕੋਟਿਕ ਸੈੱਲ ਸਮਾਣਾ ਦੇ ਚੇਅਰਮੈਨ ਗੁਰਸੇਵਕ ਸਿੰਘ ਦਿਓਲ, ਲੁਧਿਆਣਾ ਦੇ ਸਾਬਕਾ ਕੌਂਸਲਰ ਸੁਮਿਤ ਮਲਹੋਤਰਾ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿਸ਼ਾਲ ਤਿਆਗੀ, ਸਾਬਕਾ ਪੁਲਿਸ ਇੰਸਪੈਕਟਰ ਹਰਜਿੰਦਰ ਸਿੰਘ ਰੀਟਾ, ਲੁਧਿਆਣਾ ਤੋਂ ਇੰਜੀਨੀਅਰ ਤੇ ਸਮਾਜ ਸੇਵੀ ਹਰਕੰਵਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਏ ਹਨ |
ਅਸ਼ਵਨੀ ਸ਼ਰਮਾ ਅਤੇ ਡਾ: ਸੁਭਾਸ਼ ਸ਼ਰਮਾ ਨੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਰੇ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਹ ਸਾਰੇ ਜ਼ਮੀਨੀ ਵਰਕਰ ਅਤੇ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕ ਹਨ ਅਤੇ ਉਹ ਭਾਜਪਾ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਘਰ-ਘਰ ਲੈ ਕੇ ਭਾਜਪਾ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਪਰਮਿੰਦਰ ਸਿੰਘ ਬਰਾੜ, ਗੁਰਪ੍ਰੀਤ ਕਾਂਗੜ, ਜਨਾਰਦਨ ਸ਼ਰਮਾ ਆਦਿ ਹਾਜ਼ਰ ਸਨ।