Site icon TheUnmute.com

ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੀਨੀ ਯਾਤਰੀਆਂ ਲਈ ਕੋਰੋਨਾ ਰਿਪੋਰਟ ਕੀਤੀ ਲਾਜ਼ਮੀ, ਚੀਨ ਨੇ ਦਿੱਤੀ ਧਮਕੀ

Corona

ਚੰਡੀਗੜ੍ਹ 03 ਦਸੰਬਰ 2022: ਚੀਨ ਨੇ ਪਿਛਲੇ ਮਹੀਨੇ ਜ਼ੀਰੋ ਕੋਵਿਡ ਨੀਤੀ ਤੋਂ ਇਕ ਕਦਮ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ | ਇਸ ਤੋਂ ਬਾਅਦ ਚੀਨ ਵਿੱਚ ਕੋਰੋਨਾ (Corona) ਦੇ ਮਾਮਲਿਆਂ ਵਿੱਚ ਅਚਾਨਕ ਉਛਾਲ ਦੇਖਣ ਨੂੰ ਮਿਲਿਆ । ਇੱਥੇ ਲੱਖਾਂ ਕੋਰੋਨਾ ਮਰੀਜ਼ ਸਾਹਮਣੇ ਆਏ, ਜਿਸ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਚੀਨੀ ਯਾਤਰੀਆਂ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ, ਜਿਸ ਨਾਲ ਚੀਨੀ ਪ੍ਰਸ਼ਾਸਨ ਪਰੇਸ਼ਾਨ ਹੈ।

ਦਰਅਸਲ, ਅਮਰੀਕਾ, ਕੈਨੇਡਾ, ਫਰਾਂਸ, ਜਾਪਾਨ, ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹਨ ਜਿੱਥੇ ਚੀਨੀ ਯਾਤਰੀਆਂ ਲਈ ਲਾਜ਼ਮੀ ਕੋਰੋਨਾ ਰਿਪੋਰਟ ਲਾਗੂ ਕੀਤੀ ਗਈ ਹੈ। ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਨੈਗੇਟਿਵ ਕੋਰੋਨਾ ਰਿਪੋਰਟ ਹੋਣਾ ਲਾਜ਼ਮੀ ਹੈ। ਇਸ ਕਦਮ ਦੀ ਚੀਨ ਨੇ ਨਿੰਦਾ ਕੀਤੀ ਹੈ ਅਤੇ ਜਵਾਬੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਹੈ ਕਿ ਕੁਝ ਦੇਸ਼ਾਂ ਨੇ ਸਿਰਫ ਚੀਨੀ ਯਾਤਰੀਆਂ ਨੂੰ ਨਿਸ਼ਾਨਾ ਬਣਾ ਕੇ ਪ੍ਰਵੇਸ਼ ਪਾਬੰਦੀਆਂ ਲਗਾਈਆਂ ਹਨ। ਇਸ ਵਿੱਚ ਵਿਗਿਆਨਕ ਅਧਾਰ ਦੀ ਘਾਟ ਹੈ ਅਤੇ ਅਜਿਹੇ ਉਪਾਅ ਅਸਵੀਕਾਰਨਯੋਗ ਹਨ, ਉਨ੍ਹਾਂ ਕਿਹਾ ਕਿ ਚੀਨ ਇਸ ਆਧਾਰ ‘ਤੇ ਜਵਾਬੀ ਕਾਰਵਾਈ ਕਰ ਸਕਦਾ ਹੈ।

ਝੇਜਿਆਂਗ ਦੇ ਤੱਟਵਰਤੀ ਸੂਬੇ ਵਿੱਚ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਿਛਲੇ ਹਫ਼ਤੇ ਹਰ ਰੋਜ਼ 10 ਲੱਖ ਵਸਨੀਕ ਸੰਕਰਮਿਤ ਹੋ ਰਹੇ ਸਨ। ਕਈ ਸ਼ਹਿਰਾਂ ਵਿੱਚ ਘੱਟੋ-ਘੱਟ 30 ਪ੍ਰਤੀਸ਼ਤ ਆਬਾਦੀ ਵਾਇਰਸ ਨਾਲ ਸੰਕਰਮਿਤ ਹੋਈ ਸੀ। ਪੂਰਬੀ ਤੱਟਵਰਤੀ ਸ਼ਹਿਰ ਕਿੰਗਦਾਓ ਨੇ ਵੀ ਰੋਜ਼ਾਨਾ ਲਗਭਗ 500,000 ਨਵੇਂ ਕੇਸਾਂ ਦਾ ਅਨੁਮਾਨ ਲਗਾਇਆ ਹੈ | ਹੈਨਾਨ ਟਾਪੂ ਸੂਬੇ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਅੰਦਾਜ਼ਾ ਲਗਾਇਆ ਕਿ ਉੱਥੇ ਲਾਗ ਦੀ ਦਰ 50 ਪ੍ਰਤੀਸ਼ਤ ਤੋਂ ਵੱਧ ਗਈ ਹੈ।

Exit mobile version