Site icon TheUnmute.com

ਦੇਵੇਂਦਰ ਤੋਮਰ ਵਿਵਾਦ ਮਾਮਲੇ ‘ਚ ਮਨਜਿੰਦਰ ਸਿਰਸਾ ਨੇ ਦਿੱਤਾ ਆਪਣਾ ਸਪੱਸ਼ਟੀਕਰਨ

ਚੰਡੀਗੜ, 15 ਨਵੰਬਰ 2023: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਪੁੱਤ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਦੀਆਂ 2 ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਾਰੀ ਇਕ ਵੀਡੀਓ ‘ਚ ਉਹ 500 ਕਰੋੜ ਦੇ ਲੈਣ-ਦੇਣ ਦੀ ਗੱਲ ਕਰ ਰਹੇ ਹਨ ਅਤੇ ਉਸ ਤੋਂ ਪਹਿਲਾਂ ਆਏ ਵੀਡੀਓ ‘ਚ ਵੀ ਕਰੋੜਾਂ ਰੁਪਏ ਦੀ ਡੀਲ ਦੀ ਗੱਲ ਕਰਦੇ ਵਿਖਾਈ ਦਿੱਤੇ।

ਇਸਦੇ ਨਾਲ ਹੀ ਨਵੇਂ ਵੀਡੀਓ ‘ਚ ਗੱਲਬਾਤ ਕਰਨ ਵਾਲਾ ਸ਼ਖ਼ਸ ਕੈਨੇਡਾ ਦਾ ਰਹਿਣ ਵਾਲਾ ਅਤੇ ਆਪਣਾ ਨਾਂ ਜਗਮਨਦੀਪ ਸਿੰਘ ਦੱਸ ਰਿਹਾ ਹੈ, ਸ਼ਖ਼ਸ ਦਾ ਕਹਿਣਾ ਹੈ ਕਿ 4-5 ਦਿਨ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਉਹ ਵੀਡੀਓ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਪੁੱਤ ਦੇਵੇਂਦਰ ਸਿੰਘ ਤੋਮਰ ਦਾ ਹੈ। ਵੀਡੀਓ ‘ਚ ਦੂਜੀ ਆਵਾਜ਼ ਮੇਰੀ ਹੈ। ਉਹ ਵੀਡੀਓ ਮੇਰੇ ਘਰ ‘ਚ ਬਣਿਆ ਹੈ। ਵੀਡੀਓ ਦੀ ਗੱਲਬਾਤ ਸਹੀ ਹੈ। ਉਸ ‘ਚ ਖਣਨ ਦੀ ਕੰਪਨੀ ਤੋਂ ਪੈਸੇ ਦਾ ਲੈਣ-ਦੇਣ ਹੋਇਆ ਹੈ। ਜਗਮਨਦੀਪ ਸਿੰਘ ਦੇ ਮੁਤਾਬਕ ਉਨ੍ਹਾਂ ਦੀ ਦੇਵੇਂਦਰ ਤੋਮਰ ਨਾਲ 2018 ‘ਚ ਦੋਸਤੀ ਹੋਈ ਸੀ। ਉਹ ਲਾਕਡਾਊਨ ਦੇ ਸਮੇਂ ਮਾਰਚ 2020 ਨੂੰ ਦੇਵੇਂਦਰ ਨੂੰ ਮਿਲਣ ਭਾਰਤ ਆਇਆ ਸੀ। ਜਗਮਨਦੀਪ ਨੇ ਕਿਹਾ ਕਿ ਉਹ ਕੈਨੇਡਾ ‘ਚ ਗਾਂਜਾ ਅਤੇ ਭੰਗ ਦੀ ਖੇਤੀ ਕਰਦਾ ਹੈ।

ਇਸਦੇ ਨਾਲ ਹੀ ਵੀਡੀਓ ‘ਚ ਸ਼ਖ਼ਸ ਦੱਸਦਾ ਹੈ ਕਿ ਪੈਸਿਆਂ ਦਾ ਲੈਣ ਦੇਣ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਹਿਯੋਗ ਨਾਲ ਹੁੰਦਾ ਸੀ। ਉਹ ਵੀਡੀਓ ‘ਚ ਦੋਸ਼ ਲਗਾਉਂਦਾ ਹੈ ਕਿ ਸਿਰਸਾ ਨਕਦੀ ਲੈ ਕੇ ਵਾਇਰ ਰਾਹੀਂ ਇਹ ਪੈਸਾ ਮੰਤਰੀ ਦੇ ਪੁੱਤ ਨੂੰ ਦੇ ਦਿੰਦਾ ਸੀ। ਉਹ ਅੱਗੇ ਕਹਿੰਦਾ ਹੈ ਕਿ ਇਹ 500 ਕਰੋੜ ਦਾ ਮਾਮਲਾ ਨਹੀਂ ਹੈ। ਇਹ 10 ਹਜ਼ਾਰ ਕਰੋੜ ਦਾ ਮਾਮਲਾ ਹੈ। ਵੀਡੀਓ ‘ਚ ਸ਼ਖ਼ਸ ਦੇਵੇਂਦਰ ਤੋਮਰ ਦੀ ਪਤਨੀ ਹਰਸ਼ਿਨੀ ਦਾ ਵੀ ਜ਼ਿਕਰ ਕੇ ਉਸ ਨਾਲ ਉਸ ਦੀ ਚੈਟ ਦਿਖਾਉਂਦਾ ਹੈ। ਅੱਗੇ ਕਹਿੰਦਾ ਹੈ ਕਿ ਉਨ੍ਹਾਂ ਵਲੋਂ 100 ਏਕੜ ਜ਼ਮੀਨ ਬੇਨਾਮੀ ਕੰਪਨੀਆਂ ਦੇ ਨਾਂ ‘ਤੇ ਖਰੀਦੀ ਗਈ ਹੈ। ਵਾਇਰਲ ਵੀਡੀਓ ‘ਚ ਏਅਰਪੋਰਟ ‘ਤੇ ਰੁਕੀ ਪਾਰਸਲ ਦੇ ਜ਼ਿਕਰ ਬਾਰੇ ਕਿਹਾ ਹੈ ਕਿ ਉਸ ‘ਚ ਮੇਕਅੱਪ ਅਤੇ ਹੋਰ ਸਮਾਨ ਸੀ।

ਇਸ ਵਿਵਾਦ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਨਾ ਤਾਂ ਵੀਡੀਓ ਵਿਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਜਾਣਦਾ ਹੈ ਅਤੇ ਨਾ ਹੀ ਉਹ ਕਦੇ ਮੰਤਰੀ ਤੋਮਰ ਨੂੰ ਮਿਲਿਆ ਹੈ। ਪ੍ਰਧਾਨ ਵਜੋਂ ਮੇਰੇ ਕਾਰਜਕਾਲ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਕ ਖਾਤਿਆਂ ਵਿੱਚ ਕਦੇ ਵੀ 20 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਹੋਇਆ।

ਸੁਪ੍ਰੀਆ ਸ਼੍ਰੀਨੇਤ ਨੇ ਦੋਸ਼ ਲਾਇਆ ਕਿ ਗੁਰਦੁਆਰੇ ਵਰਗੇ ਪਵਿੱਤਰ ਸਥਾਨ ਦੀ ਪੈਸੇ ਦੇ ਲੈਣ-ਦੇਣ ਲਈ ਦੁਰਵਰਤੋਂ ਕੀਤੀ ਗਈ ਹੈ। ਇਸ ਵਿੱਚ ਪੈਸਾ ਘੁੰਮਦਾ ਹੈ। ਮਨਜਿੰਦਰ ਸਿੰਘ ਸਿਰਸਾ ਉਸ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਨੂੰ ਨਕਦੀ ਦਿੱਤੀ ਗਈ ਅਤੇ ਬੈਂਕ ਵਿੱਚ ਗੁਰਦੁਆਰੇ ਦੇ ਪੈਸੇ ਦਾ ਕੋਈ ਰਿਕਾਰਡ ਨਹੀਂ ਸੀ। ਇਹ ਮਾਮਲਾ ਸੀਬੀਆਈ, ਈਡੀ ਅਤੇ ਨਾਰਕੋਟਿਕਸ ਵਿਭਾਗ ਦਾ ਹੈ।

ਦੂਜੇ ਪਾਸੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਕਾਂਗਰਸ ਸਰਕਾਰ ਆਪਣੇ ਚੋਣਾਂ ਵਿੱਚ ਨਿੱਜੀ ਫਾਇਦੇ ਲਈ ਭਾਜਪਾ ਨੂੰ ਘੇਰਨ ਦੇ ਨਾਲ ਨਾਲ ਸੰਸਥਾ ਨੂੰ ਬਦਨਾਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਪ੍ਰਤੀ ਹੀਨ ਭਾਵਨਾ, ਨਫਰਤ ਫੈਲਾਉਣ ਅਤੇ ਸੰਸਥਾ ਨੂੰ ਬਦਨਾਮ ਕਰਨ ਲਈ ਪਰਮਜੀਤ ਸਿੰਘ ਸਰਨਾ ਅਤੇ ਹੋਰ ਸਾਬਕਾ ਪ੍ਰਧਾਨ ਦਿੱਲੀ ਕਮੇਟੀ ਆਪਣਾ ਕੰਮ ਬਖੁੱਬੀ ਕਰ ਰਹੇ ਹਨ।

ਕਾਲਕਾ ਅਤੇ ਕਾਹਲੋ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਸਿਆਸਤਦਾਨਾਂ ਵੱਲੋਂ ਆਪਣੇ ਨਿੱਜੀ ਮੁਫਾਦਾਂ ਲਈ ਗੁਰਦੁਆਰਾ ਕਮੇਟੀਆਂ ਦੀ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ। ਦਿੱਲੀ ਕਮੇਟੀ ਖਾਤੇ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸਾਰਿਆਂ ਲਈ ਖੁੱਲ੍ਹੇ ਹਨ। ਹਰ ਕਿਸੇ ਦੀ ਜਾਣਕਾਰੀ ਲਈ ਦਿੱਲੀ ਕਮੇਟੀ ਵਿੱਚ ਹੁਣ ਤੱਕ ਕੁੱਲ FCRA – ਲੈਣ-ਦੇਣ ਲਗਭਗ 16 ਕਰੋੜ ਹੈ।

ਅਸੀਂ ਅਣ-ਪ੍ਰਮਾਣਿਤ ਵੀਡੀਓ ਅਤੇ ਤੱਥਾਂ ਰਾਹੀਂ ਸਿੱਖ ਧਾਰਮਿਕ ਸੰਸਥਾ ਅਰਥਾਤ ਦਿੱਲੀ ਕਮੇਟੀ ਦੇ ਅਕਸ ਨੂੰ ਬਦਨਾਮ ਕਰਨ ਅਤੇ ਵਿਗਾੜਨ ਲਈ ਲਗਾਏ ਗਏ ਲੋਕਾਂ ਦੀ ਵਰਤੋਂ ਕਰਕੇ ਇਸ ਇਲਜ਼ਾਮ ਅਤੇ ਸਾਜ਼ਿਸ਼ ਦਾ ਜ਼ੋਰਦਾਰ ਖੰਡਨ/ਨਿੰਦਾ ਕਰਦੇ ਹਾਂ। ਦਿੱਲੀ ਕਮੇਟੀ ਧਾਰਮਿਕ ਸੰਸਥਾ ਦੇ ਖਿਲਾਫ ਅਪਮਾਨਜਨਕ ਬਿਆਨ ਦੇਣ ਵਾਲੇ ਸਾਰੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ।

Exit mobile version