July 2, 2024 7:10 pm
Manish Tiwari

ਰੇਲ ਹਾਦਸੇ ‘ਚ 3 ਬੱਚਿਆਂ ਦੀ ਮੌਤ ਦਾ ਮਾਮਲਾ: ਮਨੀਸ਼ ਤਿਵਾਰੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲਿਖਿਆ ਪੱਤਰ

ਰੋਪੜ 30 ਨਵੰਬਰ 2022: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ (Manish Tiwari) ਨੇ ਸ੍ਰੀ ਕੀਰਤਪੁਰ ਸਾਹਿਬ ਨੇੜੇ ਲੋਹੰਡ ਪੁਲ ‘ਤੇ ਵਾਪਰੇ ਦਰਦਨਾਕ ਰੇਲ ਹਾਦਸੇ ‘ਚ 3 ਬੱਚਿਆਂ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ ‘ਚ ਗੈਰ-ਇਰਾਦਰਨ ਹੱਤਿਆ ਦਾ ਕੇਸ ਦਰਜ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇਕ ਪੱਤਰ ਲਿਖਿਆ ਹੈ।

ਰੇਲ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਨੇ ਕਿਹਾ ਹੈ ਕਿ ਉਹ ਦਰਦਨਾਕ ਹਾਦਸੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੇ ਹਨ, ਜਿਸ ਵਿੱਚ 3 ਮਾਸੂਮ ਬੱਚੇ, 7 ਸਾਲਾ ਮਹਿੰਦਰ, 8 ਸਾਲ ਦਾ ਵਿੱਕੀ ਅਤੇ 11 ਸਾਲ ਦਾ ਰੋਹਿਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਯਾਤਰੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮਾਰੇ ਗਏ ਸਨ। ਜਦੋਂ ਕਿ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਹ ਹਾਦਸਾ 27 ਨਵੰਬਰ ਨੂੰ ਸਵੇਰੇ ਕਰੀਬ 11.30 ਵਜੇ ਵਾਪਰਿਆ।

ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਬੱਚਿਆਂ ਦੀ ਮੌਤ ਤੋਂ ਬਾਅਦ ਸੋਗ ਵਿਚ ਡੁਬੇ ਪਰਿਵਾਰਾਂ ਨੂੰ ਮਿਲੇ ਹਨ। ਇਸ ਦਰਦਨਾਕ ਹਾਦਸੇ ਨੇ ਪਰਿਵਾਰਾਂ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰ ਬਹੁਤ ਗਰੀਬ ਹਨ ਅਤੇ ਝੁੱਗੀਆਂ ਵਿੱਚ ਰਹਿੰਦੇ ਹਨ। ਜਿਨ੍ਹਾਂ ‘ਚ ਰੇਲਵੇ ਲਾਈਨ ‘ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਰੇਲ ਡਰਾਈਵਰ ਦਿਨ ਦਿਹਾੜੇ ਸਵੇਰੇ 11.30 ਵਜੇ ਰੇਲਵੇ ਲਾਈਨ ‘ਤੇ ਬੱਚਿਆਂ ਨੂੰ ਕਿਉਂ ਨਹੀਂ ਦੇਖ ਸਕਿਆ। ਰੇਲਵੇ ਸਟੇਸ਼ਨ ਸਿਰਫ਼ 800 ਮੀਟਰ ਦੀ ਦੂਰੀ ‘ਤੇ ਹੋਣ ਦੇ ਬਾਵਜੂਦ ਵੀ ਰੇਲਗੱਡੀ ਦੀ ਰਫ਼ਤਾਰ ਘੱਟ ਨਹੀਂ ਹੋਈ। ਇਹ ਲਾਪਰਵਾਹੀ ਦਾ ਸਪੱਸ਼ਟ ਮਾਮਲਾ ਹੈ, ਜਿਸ ਕਾਰਨ 3 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਜਿਸ ‘ਤੇ ਸਾਂਸਦ ਤਿਵਾੜੀ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ‘ਚ ਗੈਰ-ਇਰਦਾਤਨ ਹੱਤਿਆ ਦਾ ਕੇਸ ਦਰਜ ਕੀਤਾ ਜਾਵੇ ਅਤੇ ਇਸ ਦਰਦਨਾਕ ਹਾਦਸੇ ‘ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।