ਚੰਡੀਗੜ੍ਹ, 03 ਜੂਨ 2023: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਪਤਨੀ ਦੀ ਸਿਹਤ ਵਿਗੜ ਗਈ ਹੈ। ਮਨੀਸ਼ ਸਿਸੋਦੀਆ ਦੀ ਪਤਨੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਅਦਾਲਤ ਨੇ ਸ਼ੁੱਕਰਵਾਰ ਨੂੰ ਸਿਸੋਦੀਆ ਨੂੰ ਕੁਝ ਘੰਟਿਆਂ ਲਈ ਅੰਤਰਿਮ ਰਾਹਤ ਦਿੱਤੀ ਹੈ। ਸਿਸੋਦੀਆ ਪੁਲਿਸ ਹਿਰਾਸਤ ਵਿੱਚ ਆਪਣੀ ਪਤਨੀ ਨੂੰ ਮਿਲਣ ਆਏ ਹਨ।
ਜਾਣਕਾਰੀ ਮੁਤਾਬਕ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਵਿਗੜਦੀ ਜਾ ਰਹੀ ਹੈ। ਅਦਾਲਤ ਨੇ ਸਿਸੋਦੀਆ ਨੂੰ ਆਪਣੀ ਪਤਨੀ ਨੂੰ ਮਿਲਣ ਲਈ ਰਾਹਤ ਦਿੱਤੀ ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਪਤਨੀ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।
ਅਦਾਲਤ ਨੇ ਸ਼ਰਤ ਰੱਖੀ ਕਿ ਅੰਤਰਿਮ ਜ਼ਮਾਨਤ ਦੌਰਾਨ ਸਿਸੋਦੀਆ (Manish Sisodia) ਮੀਡੀਆ ਨਾਲ ਗੱਲ ਨਹੀਂ ਕਰਨਗੇ। ਪਰਿਵਾਰ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰੇਗਾ। ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਨਹੀਂ ਕਰੇਗਾ। ਦੱਸ ਦਈਏ ਕਿ ਸਿਸੋਦੀਆ ਨੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ 6 ਹਫਤਿਆਂ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਪਰ ਈਡੀ ਨੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ।
ਈਡੀ ਨੇ ਕਿਹਾ ਸੀ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਹੈ। ਹੁਣ ਫਿਰ ਉਸੇ ਆਧਾਰ ‘ਤੇ ਅੰਤਰਿਮ ਜ਼ਮਾਨਤ ਦੀ ਮੰਗ ਕਰ ਰਹੇ ਹਨ। ਜਾਂਚ ਏਜੰਸੀ ਦੀ ਤਰਫੋਂ ਕਿਹਾ ਗਿਆ ਸੀ ਕਿ ਮਨੀਸ਼ ਸਿਸੋਦੀਆ ਪੁਲਿਸ ਦੀ ਮੌਜੂਦਗੀ ਵਿੱਚ ਆਪਣੀ ਪਤਨੀ ਨੂੰ ਮਿਲ ਸਕਦੇ ਹਨ।