ਚੰਡੀਗੜ੍ਹ, 30 ਜੂਨ 2023: ਮਣੀਪੁਰ ‘ਚ 3 ਮਈ ਤੋਂ ਜਾਰੀ ਹਿੰਸਾ ਦੇ ਵਿਚਕਾਰ ਸ਼ੁੱਕਰਵਾਰ ਸਵੇਰ ਤੋਂ ਹੀ ਚਰਚਾ ਸੀ ਕਿ ਮੁੱਖ ਮੰਤਰੀ ਐਨ.ਬੀਰੇਨ ਸਿੰਘ (N. Biren Singh) ਅਹੁਦਾ ਛੱਡਣ ਵਾਲੇ ਹਨ। ਉਹ ਬਾਅਦ ਦੁਪਹਿਰ 3 ਵਜੇ ਰਾਜਪਾਲ ਅਨੁਸੂਈਆ ਉਈਕੇ ਨੂੰ ਮਿਲਣ ਜਾ ਰਹੇ ਹਨ ਅਤੇ ਆਪਣਾ ਅਸਤੀਫਾ ਸੌਂਪਣਗੇ।
ਹਾਲਾਂਕਿ, ਅਟਕਲਾਂ ਦੇ ਵਿਚਕਾਰ ਬੀਬੀਆਂ ਦਾ ਇੱਕ ਸਮੂਹ ਇੰਫਾਲ ਦੇ ਰਾਜ ਭਵਨ ਪਹੁੰਚ ਗਿਆ। ਬੀਬੀਆਂ ਨੇ ਮੰਗ ਕੀਤੀ ਕਿ ਬੀਰੇਨ ਸਿੰਘ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸਗੋਂ ਹਿੰਸਾ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ਼ਾਮ 4.1 ਵਜੇ ਐਨ.ਬੀਰੇਨ ਸਿੰਘ ਨੇ ਇੱਕ ਟਵੀਟ ਕੀਤਾ ਅਤੇ ਲਿਖਿਆ ਕਿ ਇਸ ਸਮੇਂ, ਮੈਂ ਅਸਤੀਫਾ ਨਹੀਂ ਦੇਣ ਜਾ ਰਿਹਾ ਹਾਂ। ਮਤਲਬ ਬੀਰੇਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡ ਰਹੇ ਹਨ।
ਰਿਪੋਰਟਾਂ ਅਨੁਸਾਰ ਇੱਕ ਸੀਨੀਅਰ ਮੰਤਰੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਐਨ ਬੀਰੇਨ ਸਿੰਘ (N. Biren Singh) ਅੱਜ ਅਸਤੀਫਾ ਦੇਣ ਵਾਲੇ ਸਨ ਪਰ ਜਨਤਕ ਦਬਾਅ ਹੇਠ ਆਪਣਾ ਮਨ ਬਦਲ ਲਿਆ। ਬੀਰੇਨ ਸਿੰਘ ਗਵਰਨਰ ਹਾਊਸ ਲਈ ਰਵਾਨਾ ਹੋ ਰਹੇ ਸਨ, ਪਰ ਸਮਰਥਕਾਂ ਵੱਲੋਂ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਦੇ ਦੇਖ ਕੇ ਵਾਪਸ ਮੁੜ ਗਏ।
ਵੱਡੀ ਗਿਣਤੀ ਵਿੱਚ ਪੁੱਜੀਆਂ ਬੀਬੀਆਂ ਨੇ ਬੀਰੇਨ ਸਿੰਘ ਦੇ ਘਰ ਦੇ ਬਾਹਰ ਮਨੁੱਖੀ ਚੇਨ ਬਣਾਈ ਅਤੇ ਕਿਹਾ ਕਿ ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦਾ ਮੁੱਖ ਮੰਤਰੀ ਅਸਤੀਫਾ ਦੇਵੇ। ਉਨ੍ਹਾਂ ਦੇ ਅਸਤੀਫ਼ੇ ਦੀ ਕਾਪੀ ਵੀ ਉਦੋਂ ਪਾੜ ਦਿੱਤੀ ਗਈ ਜਦੋਂ ਦੋ ਮੰਤਰੀ ਇਸ ਨੂੰ ਲੈ ਕੇ ਮੁੱਖ ਮੰਤਰੀ ਹਾਊਸ ਤੋਂ ਬਾਹਰ ਆਏ ਅਤੇ ਪ੍ਰਦਰਸ਼ਨਕਾਰੀ ਬੀਬੀਆਂ ਨੂੰ ਸੌਂਪ ਦਿੱਤਾ ।