ਅੰਮ੍ਰਿਤਸਰ, 02 ਨਵੰਬਰ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਅੱਜ ਪੰਜਾਬੀ ਸੂਬਾ ਦਿਵਸ ਤੇ ਇਕ ਮਹੱਤਵਪੂਰਨ ਸਿਆਸੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਹੈ ਕਿ ਕੌਮਾਂਤਰੀ ਪੱਧਰ ‘ਤੇ ਵੱਡੀ ਪੱਧਰ ‘ਤੇ ਚੱਲ ਰਹੀ ਉਥਲ-ਪੱਥਲ ਅਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿਚ ਚੱਲ ਰਹੀਆਂ ਵੱਖਵਾਦੀ ਤਹਿਰੀਰਾਂ ਨੂੰ ਕੇਂਦਰ ਸਰਕਾਰ ਜਬਰੀ ਦਬਾਅ ਕੇ ਭਾਰਤ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਯਤਨ ਕਰਦੀ ਨਜਰ ਆਉਂਦੀ ਹੈ।
ਪਰ ਸੰਘੀ ਢਾਂਚਾ ਅਪਣਾਏ ਬਿਨ੍ਹਾ ਅਖੰਡਤਾ ਬਰਕਰਾਰ ਰੱਖਣੀ ਔਖੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨੂੰ ਕੇਵਲ ਅਨੇਕਤਾ ਵਿਚ ਏਕਤਾ ਅਤੇ ਵੰਨ-ਸੁਵੰਨਤਾ ਵਾਲਾ ਫਾਰਮੂਲਾ ਹੀ ਬਰਕਰਾਰ ਰੱਖ ਸਕਦਾ ਹੈ ਨਹੀਂ ਤਾਂ ਜਿਸ ਤਰ੍ਹਾਂ ਦੇਸ਼ ਦੇ ਵੱਖਖ਼ਵੱਖ ਖਿੱਤਿਆਂ, ਸੂਬਿਆਂ ਦੀਆਂ ਬੋਲੀਆਂ ਨੂੰ ਮਾਰਿਆ ਜਾ ਰਿਹਾ ਹੈ, ਖੇਤਰੀ ਸੱਭਿਆਚਾਰਾਂ ਉੱਤੇ ਹਿੰਦੂਤਵ ਨੂੰ ਥੋਪਣ ਦੇ ਯਤਨ ਹੋ ਰਹੇ ਹਨ ਅਤੇ ਹਿੰਦੂ ਰਾਸ਼ਟਰ ਬਣਾਉਣ ਵਰਗੀਆਾਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹਨ, ਇਹ ਸਭ ਕੁਝ ਇਸ ਦੇਸ਼ ਦੀ ਅਖੰਡਤਾ ਲਈ ਖ਼ਤਰੇ ਪੈਦਾ ਕਰ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਅੱਜ ਜਾਰੀ ਕੀਤੇ ਲਿਖਤੀ ਬਿਆਨ ਵਿਚ ਆਖਿਆ ਹੈ ਕਿ 1947 ਦੀ ਵੰਡ ਵੇਲੇ ਭਾਰਤ ਦੀ ਹੋਂਦ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਬੋਲੀਆਂ ਅਤੇ ਖੇਤਰੀ ਵੰਨ-ਸੁਵੰਨਤਾ ਨੂੰ ਇਕ ਗੁਲਦਸਤੇ ਦੇ ਰੂਪ ਵਿਚ ਬਰਕਰਾਰ ਰੱਖਣ ਲਈ ਬਣੀ ਸੀ।ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੱਤਾ ਦੀ ਸਰਪ੍ਰਸਤੀ ਹੇਠ ਦੇਸ਼ ਦੀ ਧਰਮ ਨਿਰਪੇਖ ਸ਼ਾਖ ਨੂੰ ਇਕ ਧਰਮ, ਇਕ ਬੋਲੀ ਵਾਲੇ ਰਾਸ਼ਟਰ ਵਿਚ ਬਦਲਣ ਦੀਆਂ ਗਤੀਵਿਧੀਆਂ ਤੇਜ ਹੋਈਆਂ ਹਨ, ਜਿਨ੍ਹਾਂ ਨੇ ਭਾਰਤ ਵਿਚ ਰਹਿ ਰਹੀਆਂ ਘੱਟ-ਗਿਣਤੀ ਕੌਮਾਂ ਅੰਦਰ ਬੇਵਿਸ਼ਵਾਸੀ ਅਤੇ ਖ਼ਤਰੇ ਦੀ ਭਾਵਨਾ ਪ੍ਰਬਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ ਜਿਥੇ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਤੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕ ਸਦੀਆਂ ਤੋਂ ਵਸਦੇ ਹੋਣ ਉਸ ਨੂੰ ਇਕ ਧਰਮ ਉੱਤੇ ਆਧਾਰਿਤ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਤਾਕਤਾਂ ਅਤੇ ਸਰਕਾਰਾਂ ਨੂੰ ਇਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਸੂਬੇ ‘ਤੇ ਕੌਣ ਰਾਜ ਕਰ ਰਿਹਾ ਹੈ, ਆਮ ਲੋਕਾਂ ਨੂੰ ਉਦੋਂ ਤੱਕ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਨ੍ਹਾਂ ਦੀ ਆਪਣੀ ਮਾਂ-ਬੋਲੀ, ਆਪਣੀ ਖੇਤਰੀ ਰਾਜਨੀਤੀ, ਆਪਣੇ ਸੱਭਿਆਚਾਰ ਅਤੇ ਅਪਣੇ ਹੱਕਾਂ ਲਈ ਖ਼ਤਰਾ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਜਿਵੇਂ ਕਿ ਮਨੀਪੁਰ, ਨਾਗਾਲੈਂਡ, ਅਸਾਮ, ਕਸ਼ਮੀਰ ਅਤੇ ਪੰਜਾਬ ਵਿਚ ਅਲਹਿਦਗੀ ਲਈ ਯਤਨ ਰਹੀਆਂ ਲਹਿਰਾਂ ਪਿੱਛੇ ਵੀ ਇਕ ਕਾਰਨ ਇਨ੍ਹਾਂ ਸੂਬਿਆਂ ਦੀ ਖੇਤਰੀ ਹੋਂਦ, ਬੋਲੀ, ਸੱਭਿਆਚਾਰ,ਖੇਤਰ ਦੇ ਕੁਦਰਤੀ ਸਰੋਤ ਅਤੇ ਭੂਗੋਲਿਕ ਖਾਸੇ ਲਈ ਪੈਦਾ ਹੋ ਰਹੇ ਖ਼ਤਰੇ ਹਨ।
ਉਨਾਂ ਮਿਸਾਲ ਦਿੰਦਿਆਂ ਆਖਿਆ ਕਿ ਮਰਾਠੀ ਅਤੇ ਬੰਗਾਲੀ ਬੋਲੀਆਂ ਨੂੰ ਰਾਸ਼ਟਰ ਭਾਸ਼ਾ ਹਿੰਦੀ ਵਿਚ ਜਜ਼ਬ ਕਰ ਲਿਆ ਗਿਆ ਹੈ।ਮੁੰਬਈ ਅਤੇ ਕਲਕੱਤੇ ਵਰਗੇ ਮਹਾਂਨਗਰਾਂ ਵਿਚ ਮਰਾਠਾ ਤੇ ਬੰਗਾਲੀ ਬੋਲੀਆਂ ਬੇਗਾਨੀਆਂ ਹੋ ਰਹੀਆਂ ਹਨ ਅਤੇ ਕਾਫੀ ਹੱਦ ਤੱਕ ਹਰਿਆਣਵੀ ਬੋਲੀ ਵੀ ਪ੍ਰਭਾਵਿਤ ਹੋ ਚੱੁਕੀ ਹੈ, ਜੋ ਕਿ ਹਰਿਆਣਾ ਦੇ ਦੂਰ -ਦਰਾਜ ਅਤੇ ਪੇਂਡੂ ਖੇਤਰਾਂ ਵਿਚ ਹੀ ਬਚੀ ਹੈ ਜਦੋਂਕਿ ਹਰਿਆਣਾ ਦੇ ਮਹਾਂਨਗਰਾਂ ਤੇ ਵਿਕਸਿਤ ਸ਼ਹਿਰਾਂ ਵਿਚ ਹਿੰਦੀ ਦਾ ਬੋਲਬਾਲਾ ਹੈ।ਹਿਮਾਚਲ ਚ ਪਹਾੜੀ ਬੋਲੀ ਨੂੰ ਟੂਰਇਜਮ ਦਾ ਦੈਂਤ ਨਿਗਲ ਰਿਹਾ ਹੈ।ਪੰਜਾਬੀ ਦੀ ਉਪ ਬੋਲੀ ਪੁਆਂਧੀ ਨੂੰ ਚੰਡੀਗੜ੍ਹ ਦੀ ਨਵੀਂ ਪੈਦਾ ਕੀਤੀ ਤਹਿਜੀਬ ਨੇ ਦਬੋਚ ਲਿਆ ਹੈ।
ਅਧਿਕਾਰਾਂ ਤੋਂ ਹੀਣੇ ਸੂਬੇ ਅਪਣੀ ਬੋਲੀ,ਸਥਾਨਕ ਪਛਾਣ, ਸਭਿਆਚਾਰ, ਤੇ ਅਪਣੇ ਕੁਦਰਤੀ ਸਰੋਤਾਂ ਨੂੰ ਚਾਹ ਕੇ ਵੀ ਬਚਾਉਣ ਤੋਂ ਅਸਮਰੱਥ ਹਨ। ਉਨਾਂ ਕਿਹਾ ਕਿ ਬੋਲੀ ਭਾਵੇਂ ਕੋਈ ਵੀ ਬੁੁਰੀ ਨਹੀ ਹੁੰਦੀ ਪਰ ਹਰੇਕ ਖਿੱਤੇ ਦੇ ਲੋਕਾਂ ਦੀ ਪਛਾਣ ਤੇ ਖਾਸਾ ਉਨ੍ਹਾਂ ਦੀ ਮਾਂ-ਬੋਲੀ ‘ਤੇ ਹੀ ਨਿਰਭਰ ਹੁੰਦਾ ਹੈ ਅਤੇ ਜਦੋਂ ਉਨ੍ਹਾਂ ਦੀ ਆਪਣੀ ਬੋਲੀ ਖੋਹ ਲਈ ਜਾਵੇ ਤਾਂ ਉਹ ਆਪਣੀ ਹੋਂਦ ਬਚਾਉਣ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੇ ਚਾਰ ਦਹਾਕੇ ਪਹਿਲਾਂ ਹੀ ਦੇਸ਼ ਵਿਚ ਸੰਘੀ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਆਵਾਜ਼ ਚੁੱਕੀ ਸੀ।ਅਕਾਲੀ ਦਲ ਨੇ ਇਸ ਲਈ ਸਰਗਰਮ ਭੂਮਿਕਾ ਨਿਭਾਈ ਸੀ।
ਪਰ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਬਦਨੀਅਤੀ ਨਾਲ ਸੂਬਿਆਂ ਨੂੰ ਵੱਧ ਅਧਿਕਾਰ ਦੀ ਮੰਗ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਅਜਿਹਾ ਬਿਰਤਾਂਤ ਸਿਰਜਿਆ ਕਿ ਪੰਜਾਬ ਲਹੂ ਨਾਲ ਰੰਗਿਆ ਗਿਆ।ਪੂਰੇ ਜਬਰ ਦੇ ਨਾਲ ਇਸ ਮੰਗ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਸੰਯੁੁਕਤ ਰਾਜ ਅਮਰੀਕਾ, ਰੂਸ ਅਤੇ ਯੂ.ਕੇ. ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਆਖਿਆ ਕਿ ਇਹ ਸਥਾਪਿਤ ਅਤੇ ਸ਼ਕਤੀਸ਼ਾਲੀ ਦੇਸ਼ ਸੰਘੀ ਢਾਂਚੇ ਕਰਕੇ ਹੀ ਮਜ਼ਬੂਤ ਰਾਸ਼ਟਰ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਘੀ ਢਾਂਚਾ ਅਪਣਾ ਕੇ ਆਪਣੀ ਛਤਰਖ਼ਛਾਇਆ ਹੇਠ ਭਾਸ਼ਾਈ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਵੰਨ-ਸੁਵੰਨਤਾ ਨੂੰ ਖੁਲ੍ਹਦਿਲੀ ਨਾਲ ਮੌਲਣ-ਵਿਗਸਣ ਦੇਣਾ ਚਾਹੀਦਾ ਹੈ।