ਚੰਡੀਗ੍ਹੜ 26 ਅਕਤੂਬਰ 2022: ਝਾਰਖੰਡ ਦੇ ਧਨਬਾਦ ਡਿਵੀਜ਼ਨ (Dhanbad division) ਦੇ ਕੋਡਰਮਾ ਅਤੇ ਮਾਨਪੁਰ ਰੇਲਵੇ ਸੈਕਸ਼ਨ ਦੇ ਵਿਚਕਾਰ ਗੁਰਪਾ ਸਟੇਸ਼ਨ ‘ਤੇ ਅੱਜ ਸਵੇਰੇ 6.24 ਵਜੇ ਕੋਲੇ ਨਾਲ ਭਰੀ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ, ਜਿਸ ਨਾਲ ਅੱਪ ਅਤੇ ਡਾਊਨ ਲਾਈਨਾਂ ‘ਤੇ ਰੇਲ ਆਵਾਜਾਈ ਵਿੱਚ ਵਿਘਨ ਪਿਆ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਈਸਟ ਸੈਂਟਰਲ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ ਹਨ।ਰਾਹਤ ਕਾਰਜ ਲਈ ਅਧਿਕਾਰੀਆਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਜਾ ਰਿਹਾ ਹੈ।
ਈਸਟ ਸੈਂਟਰਲ ਰੇਲਵੇ ਨੇ ਦੱਸਿਆ ਕਿ ਰੇਲਗੱਡੀ ਕੋਲੇ ਨਾਲ ਲੱਦੀ ਹੋਈ ਸੀ, ਰੇਲਗੱਡੀ ਦੇ 53 ਡੱਬੇ ਅਚਾਨਕ ਪਟੜੀ ਤੋਂ ਉਤਰ ਗਏ ਅਤੇ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਹਾਵੜਾ-ਨਵੀਂ ਦਿੱਲੀ ਗ੍ਰੈਂਡਕਾਰਡ ਰੇਲਵੇ ਸੈਕਸ਼ਨ ਦੇ ਗੁਰਪਾ ਸਟੇਸ਼ਨ ਨੇੜੇ ਮਾਲ ਗੱਡੀ ਦੇ ਇੰਜਣ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਸਵਾਰ ਲੋਕੋ ਪਾਇਲਟ ਅਤੇ ਗਾਰਡ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਕੋਲੇ ਨਾਲ ਲੱਦੀਆਂ ਸਾਰੀਆਂ ਗੱਡੀਆਂ ਰੇਲਵੇ ਲਾਈਨ ‘ਤੇ ਥਾਂ-ਥਾਂ ਖਿੱਲਰੀਆਂ ਪਈਆਂ ਹਨ, ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਏਨੀ ਜ਼ੋਰਦਾਰ ਆਵਾਜ਼ ਆਈ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਆਵਾਜ਼ ਸੁਣ ਕੇ ਲੋਕ ਰੇਲਵੇ ਲਾਈਨ ਵੱਲ ਭੱਜੇ।
ਇਸ ਘਟਨਾ ਵਿੱਚ ਰੇਲਵੇ ਟਰੈਕ ਦੇ ਖੰਭੇ ਅਤੇ ਤਾਰਾਂ ਆਦਿ ਵੀ ਟੁੱਟ ਗਈਆਂ ਹਨ। ਰੇਲਵੇ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜ ‘ਚ ਲੱਗਾ ਹੋਇਆ ਹੈ। ਦੂਜੇ ਪਾਸੇ, ਨਵੀਂ ਦਿੱਲੀ-ਹਾਵੜਾ ਗ੍ਰੈਂਡਕਾਰਡ ਰੇਲਵੇ ਲਾਈਨ ‘ਤੇ ਗਯਾ ਧਨਬਾਦ ਸਟੇਸ਼ਨ ਦੇ ਵਿਚਕਾਰ ਰੇਲ ਸੰਚਾਲਨ ਪੂਰੀ ਤਰ੍ਹਾਂ ਵਿਘਨ ਪਿਆ ਹੈ। ਟ੍ਰੈਕ ਦੀ ਮੁਰੰਮਤ ਤੋਂ ਬਾਅਦ ਹੀ ਰਾਹਤ ਬਚਾਅ ਤੋਂ ਬਾਅਦ ਹੀ ਕੰਮਕਾਜ ਆਮ ਵਾਂਗ ਹੋਵੇਗਾ।