Site icon TheUnmute.com

ਆਬਕਾਰੀ ਤੇ ਕਰ ਵਿਭਾਗ ਵੱਲੋਂ ਅੰਮ੍ਰਿਤਸਰ ‘ਚ ਗੈਰ-ਕਾਨੂੰਨੀ ਸ਼ਰਾਬ ਬਣਾਉਣ ਵਾਲੇ ਯੂਨਿਟ ‘ਤੇ ਵੱਡੀ ਕਾਰਵਾਈ: ਹਰਪਾਲ ਸਿੰਘ ਚੀਮਾ

ILLEGAL LIQUOR

ਚੰਡੀਗੜ੍ਹ, 8 ਸਤੰਬਰ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਅੰਮ੍ਰਿਤਸਰ ਜਿਲ੍ਹੇ ਵਿੱਚ ਸਕਾਚ ਵਿਸਕੀ ਦੇ ਗੈਰ-ਕਾਨੂੰਨੀ ਢੰਗ ਨਾਲ ਨਿਰਮਾਣ ਅਤੇ ਵਿਕਰੀ ਕੀਤੇ ਜਾਣ ਸਬੰਧੀ ਖੁਫੀਆ ਜਾਣਕਾਰੀ ਮਿਲਣ ‘ਤੇ ਆਬਕਾਰੀ ਅਤੇ ਕਰ ਵਿਭਾਗ ਵੱਲੋਂ 6 ਅਤੇ 7 ਸਤੰਬਰ ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹੇ ‘ਚ ਇੱਕ ਅਹਿਮ ਅਪ੍ਰੇਸ਼ਨ ਕੀਤਾ ਗਿਆ, ਜਿਸ ਦੌਰਾਨ ਇਸ ਧੰਦੇ ਵਿੱਚ ਸ਼ਾਮਿਲ ਮੁੱਖ ਮੁਲਜ਼ਮ ਰਾਜਵੀਰ ਸਿੰਘ ਅਤੇ ਉਸਦੇ ਸਾਥੀ ਸ਼ਿਵਮ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੀਆਂ ਸਕਾਚ ਵਿਸਕੀ (ILLEGAL LIQUOR) ਦੀਆਂ 10 ਪੇਟੀਆਂ ਜਬਤ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਆਪ੍ਰੇਸ਼ਨ ਹੋਰਨਾਂ ਲਈ ਵੀ ਸਪਸ਼ਟ ਇਸ਼ਾਰਾ ਹੈ ਕਿ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸ਼ਰਾਬ ਦੀ ਢੋਆ-ਢੁਆਈ ‘ਤੇ ਵਿਭਾਗ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਨੂੰ ਆਪਣੇ ਖੁਫੀਆ ਨੈੱਟਵਰਕ ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਅਤੇ ਇਸ ਦੇ ਆਸ-ਪਾਸ ਸਕਾਚ ਵਿਸਕੀ ਖਾਸ ਤੌਰ ‘ਤੇ ਇਕ ਵਿਸ਼ੇਸ਼ ਬ੍ਰਾਂਡ ਦੇ ਗੈਰ-ਕਾਨੂੰਨੀ ਉਤਪਾਦਨ ਅਤੇ ਵਿਕਰੀ ਸਬੰਧੀ ਸੂਚਨਾਵਾਂ ਪ੍ਰਾਪਤ ਹੋਈਆ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸੂਚਨਾਵਾਂ ‘ਤੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸਿੱਧੀ ਨਿਗਰਾਨੀ ਹੇਠ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਨੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਅਤੇ ਸਬੰਧਤ ਇਲਾਕਿਆਂ ਦੀ ਵਿਆਪਕ ਨਿਗਰਾਨੀ ਅਤੇ ਪੜਤਾਲ ਕੀਤੀ।

ਹੋਰ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਸ. ਚੀਮਾ ਨੇ ਦੱਸਿਆ ਕਿ ਐਸ.ਓ.ਜੀ ਨੇ ਸਫਲਤਾਪੂਰਵਕ ਇੱਕ ਟਰੈਪ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਜਿਸ ਦੌਰਾਨ ਮੁੱਖ ਮੁਲਜ਼ਮ ਰਾਜਵੀਰ ਸਿੰਘ ਨੂੰ 10 ਪੇਟੀਆਂ ਗੈਰ-ਕਾਨੂੰਨੀ ਬੋਤਲਾਂ ਸਕਾਚ ਵਿਸਕੀ (ILLEGAL LIQUOR) ਸਮੇਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਅਗਲੀ ਪੁੱਛਗਿੱਛ ਦੌਰਾਨ ਉਸ ਨੇ ਆਪਣੇ ਦੋ ਸਾਥੀਆਂ ਸ਼ਿਵਮ ਅਤੇ ਜਸਪਾਲ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਜੋ ਖਾਸਾ, ਅੰਮ੍ਰਿਤਸਰ ਵਿਖੇ ਸਥਿਤ ਖਾਸਾ ਡਿਸਟਿਲਰੀ ਅਤੇ ਬੋਟਲਿੰਗ ਪਲਾਂਟ ਤੋਂ ਸ਼ਰਾਬ ਬਣਾਉਣ ਲਈ ਲੋੜੀਂਦੇ ਕੱਚੇ ਮਾਲ ਦੀ ਸਪਲਾਈ ਕਰਦੇ ਸਨ।

ਸ. ਚੀਮਾ ਨੇ ਅੱਗੇ ਦੱਸਿਆ ਕਿ ਐਸ.ਓ.ਜੀ ਨੇ ਗ੍ਰਿਫਤਾਰ ਵਿਅਕਤੀ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਉਸ ਥਾਂ ਦੀ ਸ਼ਨਾਖਤ ਕੀਤੀ ਜਿੱਥੇ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ, ਅਤੇ ਉਸੇ ਰਾਤ ਖਾਸਾ ਡਿਸਟਿਲਰੀ ‘ਤੇ ਛਾਪਾ ਮਾਰ ਕੇ ਇਕ ਹੋਰ ਮੁਲਜ਼ਮ ਸ਼ਿਵਮ ਜੋ ਕਿ ਡਿਸਟਿਲਰੀ ਦਾ ਮੁਲਾਜ਼ਮ ਸੀ, ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਸ਼ਿਵਮ ਨੇ ਪਲਾਂਟ ਤੋਂ ਖਾਲੀ ਬੋਤਲਾਂ, ਢੱਕਣ, ਲੇਬਲ ਅਤੇ ਸਕਾਚ ਵਿਸਕੀ ਦੇ ਤਿਆਰ ਮਿਸ਼ਰਣ ਦੀ ਚੋਰੀ ਵਿੱਚ ਮਦਦ ਕਰਕੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਈ।

ਸ. ਚੀਮਾ ਨੇ ਕਿਹਾ ਕਿ ਦੋਸ਼ੀ ਵਿਅਕਤੀਆਂ ਨੇ ਆਪਣੇ ਢੰਗ-ਤਰੀਕੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਹੈ ਕਿ ਕਿਵੇਂ ਉਹ ਗੈਰ-ਕਾਨੂੰਨੀ ਸਕਾਚ ਵਿਸਕੀ ਚੋਰੀ ਕਰਨ ਅਤੇ ਬਣਾਉਣ ਵਿਚ ਕਾਮਯਾਬ ਹੋਏ। ਉਨ੍ਹਾਂ ਕਿਹਾ ਕਿ ਮੁਲਜਮਾਂ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 420, 379,120ਬੀ ਅਤੇ ਆਬਕਾਰੀ ਐਕਟ ਦੀਆਂ ਹੋਰ ਧਾਰਾਵਾਂ ਦੇ ਤਹਿਤ ਇੱਕ ਐਫ.ਆਈ.ਆਰ ਘਰਿੰਡਾ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੀ ਗਈ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਸਾਰੇ ਪਹਿਲੂਆਂ ਦਾ ਪਰਦਾਫਾਸ਼ ਕਰਨ ਲਈ ਵਿਭਾਗ ਵੱਲੋਂ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾ ਰਹੀ ਹੈ।.

ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਗੈਰ-ਕਾਨੂੰਨੀ ਕਾਰਵਾਈ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਉਪਰੰਤ ਇਸ ਵਿੱਚ ਸ਼ਾਮਲ ਸਾਰਿਆ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਬਕਾਰੀ ਅਤੇ ਕਰ ਮੰਤਰੀ ਨੇ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦਾ ਉਤਪਾਦਨ ਜਨਤਕ ਸੁਰੱਖਿਆ ਲਈ ਇੱਕ ਵੱਡਾ ਖਤਰਾ ਹੈ ਅਤੇ ਇਸ ਦੇ ਨਤੀਜੇ ਵਜੋਂ ਸਰਕਾਰ ਨੂੰ ਭਾਰੀ ਮਾਲੀਆ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਨਾਉਣ ਦੇ ਨਾਲ-ਨਾਲ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਲਈ ਵਚਨਬੱਧ ਹੈ।

Exit mobile version