CBI Raid

CBI ਵਲੋਂ ਆਪ੍ਰੇਸ਼ਨ ਚੱਕਰ ਤਹਿਤ ਵੱਡੀ ਕਾਰਵਾਈ, ਪੰਜਾਬ, ਦਿੱਲੀ ਸਮੇਤ 105 ਥਾਵਾਂ ‘ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ 4 ਅਕਤੂਬਰ 2022: ਦੇਸ਼ ‘ਚ ਵੱਧ ਰਹੇ ਸਾਈਬਰ ਅਪਰਾਧ ‘ਤੇ ਨਕੇਲ ਕੱਸਣ ਲਈ ਸੀਬੀਆਈ (CBI) ਨੇ ਆਪ੍ਰੇਸ਼ਨ ਚੱਕਰ ਤਹਿਤ ਦੇਸ਼ ਭਰ ‘ਚ 105 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ 5 ਥਾਵਾਂ ਤੋਂ ਇਲਾਵਾ ਅੰਡੇਮਾਨ, ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ ਵਿਚ ਵੀ ਸੂਬਾ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਜਾਰੀ ਹੈ।

ਸੀਬੀਆਈ (CBI)  ਸੂਤਰਾਂ ਅਨੁਸਾਰ ਰਾਜਸਥਾਨ ਦੇ ਰਾਜਸਮੰਦ ਵਿੱਚ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿੱਥੇ ਛਾਪੇਮਾਰੀ ਵਿੱਚ ਡੇਢ ਕਿਲੋ ਸੋਨਾ ਅਤੇ ਡੇਢ ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਇੰਟਰਪੋਲ ਅਤੇ ਐਫਬੀਆਈ ਤੋਂ ਇਸ ਮਾਮਲੇ ਵਿਚ ਲੀਡ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਇਨ੍ਹਾਂ ਸਾਰੀਆਂ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ, ਜੋ ਫਿਲਹਾਲ ਜਾਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਇਨ੍ਹਾਂ 105 ਥਾਵਾਂ ’ਤੇ 87 ਥਾਵਾਂ ’ਤੇ ਸੀਬੀਆਈ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਚੱਲ ਰਹੀ ਹੈ, ਜਦੋਂਕਿ ਸੂਬਾ ਪੁਲਿਸ ਦੀ ਕਾਰਵਾਈ 18 ਥਾਵਾਂ ’ਤੇ ਚੱਲ ਰਹੀ ਹੈ। ਇਨ੍ਹਾਂ ਵਿੱਚ ਅੰਡੇਮਾਨ ਵਿੱਚ 4 ਸਥਾਨ, ਦਿੱਲੀ ਵਿੱਚ 5 ਸਥਾਨ, ਚੰਡੀਗੜ੍ਹ ਵਿੱਚ 3 ਸਥਾਨਾਂ ਤੋਂ ਇਲਾਵਾ ਪੰਜਾਬ, ਕਰਨਾਟਕ ਅਤੇ ਆਸਾਮ ਵਿੱਚ 2 ਸਥਾਨ ਸ਼ਾਮਲ ਹਨ।

ਦਰਅਸਲ, ਸੀਬੀਆਈ ਨੇ ਸਾਈਬਰ ਧੋਖਾਧੜੀ ਦੇ ਕਈ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨਾਲ ਜੁੜੇ ਸੂਤਰਾਂ ਮੁਤਾਬਕ ਸਾਈਬਰ ਧੋਖਾਧੜੀ ਦੇ ਕਾਫੀ ਸਬੂਤ ਮਿਲੇ ਹਨ। ਇਸ ਧੋਖਾਧੜੀ ਵਿੱਚ ਡਾਰਕਨੈੱਟ ਰਾਹੀਂ ਲੈਣ-ਦੇਣ ਕੀਤਾ ਜਾ ਰਿਹਾ ਸੀ। ਸੀਬੀਆਈ ਨੇ ਇਸ ਸਬੰਧ ਵਿੱਚ 2 ਹੋਰ ਕਾਲ ਸੈਂਟਰਾਂ ਦਾ ਵੀ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਪੁਣੇ ਅਤੇ ਇੱਕ ਅਹਿਮਦਾਬਾਦ ਵਿੱਚ ਹੈ।

Scroll to Top