July 7, 2024 7:57 am
Gujarat

ਗੁਜਰਾਤ ‘ਚ ਵਾਪਰਿਆ ਵੱਡਾ ਹਾਦਸਾ, ਨਮਕ ਪੈਕੇਜਿੰਗ ਫ਼ੈਕਟਰੀ ਦੀ ਕੰਧ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ

ਚੰਡੀਗੜ੍ਹ 18 ਮਈ 2022: ਇਸ ਸਮੇਂ ਦੀ ਵੱਡੀ ਖ਼ਬਰ ਗੁਜਰਾਤ (Gujarat) ਦੇ ਮੋਰਬੀ ਦੇ ਹਲਵਾੜ ‘ਚ ਨਮਕ ਪੈਕੇਜਿੰਗ ਫ਼ੈਕਟਰੀ ‘ਚ ਵੱਡਾ ਹਾਦਸਾ ਵਾਪਰਿਆ ਹੈ । ਨਮਕ ਪੈਕੇਜਿੰਗ ਫ਼ੈਕਟਰੀ ਦੀ ਕੰਧ ਡਿੱਗਣ ਨਾਲ ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ । ਇਸ ਦੌਰਾਨ ਰਾਜ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸਥਾਨਕ ਵਿਧਾਇਕ ਬ੍ਰਜੇਸ਼ ਮੇਰਜਾ ਨੇ ਕਿਹਾ ਕਿ ਇਹ ਦੁਖ਼ਦ ਘਟਨਾ ਹਲਵਾੜ ਉਦਯੋਗਿਕ ਖ਼ੇਤਰ ਦੇ ਅੰਦਰ ਸਥਿਤ ਸਾਗਰ ਸਾਲਟ ਫ਼ੈਕਟਰੀ ‘ਚ ਵਾਪਰੀ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਫ਼ੈਕਟਰੀ ਦੇ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਲਬੇ ਹੇਠਾਂ ਹੋਰ ਵੀ ਮਜ਼ਦੂਰਾਂ ਦੇ ਦਬੇ ਹੋਣ ਦੀ ਸੰਭਾਵਨਾ ਹੈ | ਇਸ ਦੌਰਾਨ ਰਾਹਤ ਕਾਰਜ ਲਗਾਤਾਰ ਜਾਰੀ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਨਮਕ ਪੈਕੇਜਿੰਗ ਫ਼ੈਕਟਰੀ ਵਿੱਚ ਜਦੋਂ ਕੰਧ ਡਿੱਗੀ ਤਾਂ ਉੱਥੇ ਕਰੀਬ 30 ਮਜ਼ਦੂਰ ਕੰਮ ਕਰ ਰਹੇ ਸਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਦੇ ਨਾਲ ਕੁਝ ਮਜ਼ਦੂਰਾਂ ਦੇ ਬੱਚੇ ਵੀ ਸਨ, ਜੋ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਲਾਂਕਿ ਬੱਚਿਆਂ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੁਪਹਿਰ ਕਰੀਬ 12 ਵਜੇ ਵਾਪਰੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਸਥਾਨਕ ਵਿਧਾਇਕ ਪਰਸ਼ੋਤਮ ਸਾਬਰੀਆ ਅਤੇ ਕਲੈਕਟਰ ਸਮੇਤ ਕਈ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਧ ਕਿਸ ਕਾਰਨ ਡਿੱਗੀ।

ਕਈ ਵਰਕਰ ਰੋਟੀ ਖਾਣ ਗਏ ਹੋਏ ਸਨ

ਹਾਦਸੇ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਤੱਕ ਇੱਥੇ 40 ਤੋਂ ਵੱਧ ਮਜ਼ਦੂਰ ਨਮਕ ਦੀ ਪੈਕਿੰਗ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕਈ ਬਾਹਰ ਖਾਣਾ ਖਾਣ ਗਏ ਹੋਏ ਸਨ।ਜਿਸ ਕਰਕੇ ਇਨ੍ਹਾਂ ਦੀ ਜਾਨ ਬਚ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਦੇ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਰਾਧਨਪੁਰ ਤਹਿਸੀਲ (Gujarat) ਦੇ ਪਿੰਡਾਂ ਦੇ ਵਸਨੀਕ ਹਨ।

ਪੀਐਮ ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਮੋਰਬੀ ਵਿੱਚ ਕੰਧ ਡਿੱਗਣ ਦੀ ਘਟਨਾ ਬਹੁਤ ਦੁਖਦਾਈ ਹੈ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਪ੍ਰਧਾਨ ਮੰਤਰੀ ਨੇ ਹਾਦਸੇ ਵਿੱਚ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ।