Site icon TheUnmute.com

ਮਹਾਰਾਸ਼ਟਰ ਸਰਕਾਰ ਮੂਲ ਐਕਟ 1956 ਅਨੁਸਾਰ ਚੋਣ ਕਰਵਾ ਕੇ ਕਰੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਕਾਇਮ: SGPC ਪ੍ਰਧਾਨ

Harjinder Singh Dhami

ਅੰਮ੍ਰਿਤਸਰ, 15 ਫ਼ਰਵਰੀ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਭਾਵੇਂ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਗੁਰਦੁਆਰਾ ਐਕਟ 1956 ਵਿੱਚ ਸਾਲ 2024 ਦੀ ਸੋਧ ਕਰਨ ਦੀ ਤਜਵੀਜ਼ ਦੇ ਆਪਣੇ ਕੈਬਨਿਟ ਫੈਸਲੇ ਨੂੰ ਰੋਕਣ ਦਾ ਫੈਸਲਾ ਕੀਤਾ ਹੈ, ਪਰ ਇਸ ਨਾਲ ਸਰਕਾਰੀ ਦਖ਼ਲਅੰਦਾਜ਼ੀ ਖ਼ਤਮ ਨਹੀਂ ਹੁੰਦੀ।

ਹਰਜਿੰਦਰ ਸਿੰਘ ਧਾਮੀ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਪੋਸਟ ਵਿੱਚ ਕਿਹਾ ਕਿ ਮਹਾਰਾਸ਼ਟਰ ਸਰਕਾਰ ਹੁਣ ਕਹਿ ਰਹੀ ਹੈ ਕਿ ਸਾਰੇ ਸਬੰਧਤ ਵਿਅਕਤੀਆਂ ਨਾਲ ਇਸ ਮੁੱਦੇ `ਤੇ ਵਿਚਾਰ ਵਟਾਂਦਰਾ ਕਰਨ ਲਈ, ਉਚਿਤ ਫੈਸਲਾ ਲੈਣ ਲਈ ਇੱਕ ਕੈਬਨਿਟ ਸਬ-ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਸਰਕਾਰ ਨੂੰ ਸਵਾਲ ਉਠਾਇਆ ਕਿ ਉਹ ਅਜਿਹੀ ਦਖ਼ਲਅੰਦਾਜ਼ੀ ਵੀ ਕਿਉਂ ਕਰਨਾ ਚਾਹੁੰਦੀ ਹੈ, ਇਸ ਪਿੱਛੇ ਅਧਾਰ ਕੀ ਹੈ ਅਤੇ ਅਜਿਹਾ ਕੌਣ ਚਾਹੁੰਦਾ ਹੈ?

ਸ਼੍ਰੋਮਣੀ ਕਮੇਟੀ (SGPC) ਪ੍ਰਧਾਨ ਨੇ ਕਿਹਾ ਕਿ ਅੱਗੇ ਵਧਣ ਤੋਂ ਪਹਿਲਾਂ, ਮਹਾਰਾਸ਼ਟਰ ਸਰਕਾਰ ਨੂੰ ਨਾਂਦੇੜ ਗੁਰਦੁਆਰਾ ਮਾਮਲਿਆਂ ਵਿੱਚ ਆਪਣੀ ਪਹਿਲਾਂ ਦੀ ਦਖਲਅੰਦਾਜ਼ੀ ਨੂੰ `ਪਹਿਲਾਂ ਰੱਦ` ਕਰਨਾ ਚਾਹੀਦਾ ਹੈ ਜੋ ਸਾਲ 2015 ਦੇ ਆਰਡੀਨੈਂਸ ਨੰਬਰ III ਰਾਹੀਂ ‘ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਐਕਟ 1956’ ਵਿੱਚ ਸੋਧ ਕਰਕੇ ਨੰਦੇੜ ਗੁਰਦੁਆਰਾ ਬੋਰਡ ਦਾ ਪ੍ਰਧਾਨ ਨਾਮਜ਼ਦ ਕਰਨ ਲਈ ਕੀਤੀ ਗਈ ਸੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਰੰਪਰਾਗਤ ਜਮਹੂਰੀ ਰਵਾਇਤ ਹੈ ਕਿ ਪ੍ਰਧਾਨ ਦੀ ਚੋਣ ਬੋਰਡ ਦੇ ਮੈਂਬਰਾਂ ਵੱਲੋਂ ਪਾਰਦਰਸ਼ੀ ਢੰਗ ਨਾਲ ਮੈਂਬਰਾਂ ਵਿੱਚੋਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਸਿੱਖ ਚਾਹੁੰਦੇ ਹਨ ਕਿ ਮੂਲ ਨੰਦੇੜ ਗੁਰਦੁਆਰਾ ਐਕਟ 1956 ਦੇ ਅਨੁਸਾਰ ਛੇਤੀ ਚੋਣ ਕਰਵਾਈ ਜਾਵੇ, ਤਾਂ ਜੋ ਕੌਮ ਦੀਆਂ ਭਾਵਨਾਵਾਂ ਅਨੁਸਾਰ ਬੋਰਡ ਨੂੰ ਲੋਕਤੰਤਰੀ ਢੰਗ ਨਾਲ ਕਾਰਜਸ਼ੀਲ ਬਣਾਇਆ ਜਾ ਸਕੇ।

Exit mobile version