ਚੰਡੀਗੜ੍ਹ, 14 ਫਰਵਰੀ 2024: ਮਹਾਰਾਸ਼ਟਰ ਸਰਕਾਰ (Maharashtra government) ਨੇ ਨੰਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਲ ਸਬੰਧਤ ਐਕਟ ਵਿੱਚ ਸੋਧ ਕਰਨ ਵਾਲਾ ਬਿੱਲ ਵਾਪਸ ਲੈ ਲਿਆ ਹੈ। ਇਹ ਦਾਅਵਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ.ਪੀ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਪੇਸ਼ ਕਰਨ ਤੋਂ ਪਹਿਲਾਂ ਬਿੱਲ ਰੋਕ ਲਿਆ ਗਿਆ । ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ ਐਕਟ 1956 ਲਾਗੂ ਰਹੇਗਾ। ਆਰ.ਪੀ ਸਿੰਘ ਨੇ ਕਿਹਾ ਕਿ ਮੇਨੂ ਖੁਦ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਤੋਂ ਮਿਲੀ ਜਾਣਕਾਰੀ ਹੈ ।
ਤਖ਼ਤ ਸੱਚਖੰਡ ਅਬਚਲਨਗਰ ਨਗਰ ਹਜ਼ੂਰ ਸਾਹਿਬ ਦੇ ਬੋਰਡ ਦੇ ਐਕਟ ‘ਚ ਤਬਦੀਲੀ ਕਰਕੇ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਮਹਾਰਾਸ਼ਟਰ ਸਰਕਾਰ (Maharashtra government) ਦੇ ਫੈਸਲੇ ਦਾ ਸਖ਼ਤ ਵਿਰੋਧ ਹੋਇਆ | ਪਹਿਲਾਂ 17 ਮੈਂਬਰੀ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ 4, ਸਿੱਖ ਸੰਗਤ 3 , ਚੀਫ਼ ਖ਼ਾਲਸਾ ਦੀਵਾਨ 1, ਹਜ਼ੂਰੀ ਖਾਲਸਾ 1, ਸਿੱਖ ਮੈਂਬਰ ਪਾਰਲੀਮੈਂਟ 1 ਅਤੇ ਸਰਕਾਰੀ 7 ਮੈਂਬਰ ਹੁੰਦੇ ਸਨ |
ਸੋਧ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਬੋਰਡ ਦੇ ਕੁੱਲ 17 ਮੈਂਬਰਾਂ ਵਿੱਚੋਂ 12 ਨੂੰ ਸਿੱਧੇ ਤੌਰ ‘ਤੇ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ, ਚੀਫ਼ ਖ਼ਾਲਸਾ ਦੀਵਾਨ, ਹਜ਼ੂਰੀ ਸੱਚਖੰਡ ਦੀਵਾਨ ਦੀ ਨਾਮਜ਼ਦਗੀ ਖ਼ਤਮ ਕਰ ਦਿੱਤੀ ਗਈ ਸੀ ।