ਚੰਡੀਗੜ੍ਹ 10 ਅਗਸਤ 2022: ਮਹਾਰਾਸ਼ਟਰ ਸਰਕਾਰ ਨੇ ਬੁੱਧਵਾਰ ਨੂੰ ਜੁਲਾਈ ‘ਚ ਬਾਰਿਸ਼ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇੱਥੇ ਆਪਣੇ ਵਿਸਤ੍ਰਿਤ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ।
ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਮੌਜੂਦਾ ਸਮੇਂ ਵਿੱਚ ਇੱਕ ਕਿਸਾਨ ਨੂੰ ਰਾਸ਼ਟਰੀ ਆਫ਼ਤ ਰਿਸਪਾਂਸ ਫੰਡ ਦੇ ਮਾਪਦੰਡਾਂ ਅਨੁਸਾਰ ਮੁਆਵਜ਼ੇ ਵਜੋਂ 6,800 ਰੁਪਏ ਪ੍ਰਤੀ ਹੈਕਟੇਅਰ ਮਿਲਦੇ ਹਨ। ਅਸੀਂ ਰਕਮ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਪਹਿਲਾਂ ਦੋ ਹੈਕਟੇਅਰ ‘ਤੇ ਫਸਲਾਂ ਦੇ ਨੁਕਸਾਨ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ ਮਾਪਦੰਡ ਲਾਗੂ ਹੁੰਦੇ ਸਨ। ਅਸੀਂ ਇਸ ਨੂੰ ਤਿੰਨ ਹੈਕਟੇਅਰ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਨਸੂਨ ਵਿੱਚ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ 15 ਲੱਖ ਹੈਕਟੇਅਰ ਵਾਹੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਮੰਤਰੀ ਮੰਡਲ ਨੇ ਰਤਨਾਗਿਰੀ ਵਿਖੇ 100 ਵਿਦਿਆਰਥੀਆਂ ਦੀ ਦਾਖ਼ਲਾ ਸਮਰੱਥਾ ਵਾਲਾ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੈਡੀਕਲ ਕਾਲਜ ਦੇ ਨਾਲ 430 ਬਿਸਤਰਿਆਂ ਦਾ ਹਸਪਤਾਲ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਸ਼ੁਰੂਆਤੀ ਲਾਗਤ 500 ਕਰੋੜ ਰੁਪਏ ਹੋਵੇਗੀ।