ਚੰਡੀਗੜ੍ਹ, 26 ਨਵੰਬਰ 2024: ਮਹਾਰਾਸ਼ਟਰ (Maharashtra) ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ | ਭਾਜਪਾ ਮੁੜ ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਜਾ ਰਹੀ ਹੈ | ਇਸਦੇ ਨਾਲ ਹੀ ਮਹਾਰਾਸ਼ਟਰ ‘ਚ ਅਗਲਾ ਮੁੱਖ ਮੰਤਰੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਭਾਜਪਾ ਨੇ ਅਜੇ ਤੱਕ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਬਾਰੇ ਕੁਝ ਸਾਫ਼ ਨਹੀਂ ਕੀਤਾ |
ਇਸ ਦੌਰਾਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੁੰਬਈ ਦੇ ਰਾਜ ਭਵਨ ‘ਚ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ । ਇਸ ਦੌਰਾਨ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਦੇਵੇਂਦਰ ਫੜਨਵੀਸ ਵੀ ਸਨ। ਹਾਲਾਂਕਿ ਅਗਲੇ ਮੁੱਖ ਮੰਤਰੀ ਦੀ ਚੋਣ ਤੱਕ ਏਕਨਾਥ ਸ਼ਿੰਦੇ ਕਾਰਜਕਾਰੀ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਦਰਅਸਲ, ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ ਅੱਜ ਖਤਮ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਵੱਲੋਂ ਦੇਵੇਂਦਰ ਫੜਨਵੀਸ ਨੂੰ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ ਅਤੇ ਐੱਨਸੀਪੀ ਧੜਿਆਂ ਤੋਂ ਇਕ-ਇਕ ਉਪ ਮੁੱਖ ਮੰਤਰੀ ਹੋ ਸਕਦਾ ਹੈ। ਵਿਧਾਨ ਸਭਾ ਚੋਣਾਂ ‘ਚ ਭਾਰੀ ਬਹੁਮਤ ਮਿਲਣ ਤੋਂ ਬਾਅਦ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਮੁੱਖ ਮੰਤਰੀ ਅਹੁਦੇ ਲਈ ਖਿੱਚੋਤਾਣ ਚੱਲ ਰਹੀ ਹੈ।
ਦਰਅਸਲ, ਸ਼ਿਵ ਸੈਨਾ ਏਕਨਾਥ ਸ਼ਿੰਦੇ ਨੂੰ ਸੀਐਮ ਬਣਾਉਣ ਦੀ ਮੰਗ ਕਰ ਰਹੀ ਹੈ। ਸ਼ਿਵ ਸੈਨਾ ਮਹਾਰਾਸ਼ਟਰ (Maharashtra) ‘ਚ ਵੀ ਬਿਹਾਰ ਫਾਰਮੂਲਾ ਲਾਗੂ ਕਰਨ ਦੀ ਮੰਗ ਕਰ ਰਹੀ ਹੈ, ਜਿੱਥੇ ਭਾਜਪਾ ਨੇ ਜ਼ਿਆਦਾ ਸੀਟਾਂ ਜਿੱਤਣ ਦੇ ਬਾਵਜੂਦ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਹੈ। ਸ਼ਿਵ ਸੈਨਾ ਦੇ ਸੱਤ ਸੰਸਦ ਮੈਂਬਰ ਵੀ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਹਨ। ਇਸ ਨੂੰ ਸ਼ਿਵ ਸੈਨਾ ਵੱਲੋਂ ਦਬਾਅ ਦੀ ਰਾਜਨੀਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸੂਬੇ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ 30 ਨਵੰਬਰ ਯਾਨੀ ਸ਼ਨੀਵਾਰ ਨੂੰ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੇ ਸੂਬੇ ਦੀਆਂ 288 ਸੀਟਾਂ ‘ਚੋਂ 234 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਇਨ੍ਹਾਂ ‘ਚੋਂ ਭਾਜਪਾ ਨੇ ਸਭ ਤੋਂ ਵੱਧ 132, ਸ਼ਿਵ ਸੈਨਾ ਨੇ 57 ਅਤੇ ਐਨਸੀਪੀ ਨੇ 41 ਸੀਟਾਂ ਜਿੱਤੀਆਂ ਹਨ।