Maha Kumbh Mela 2025: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਮਹਾਂਕੁੰਭ ਮੇਲਾ 13 ਜਨਵਰੀ ਤੋਂ 26 ਫਰਵਰੀ, 2025 ਤੱਕ ਹੋਣ ਵਾਲਾ ਹੈ। ਜਿਸ ‘ਚ ਸਾਧੂ-ਸੰਤ ਅਤੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਣਗੇ | ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠ ‘ਚ ਲੱਖਾਂ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ | ਮਹਾਂਕੁੰਭ ਦੌਰਾਨ 13 ਜਨਵਰੀ 2,000 ਡਰੋਨਾਂ ਦੇ ਵਿਜ਼ੂਅਲ ਡਿਸਪਲੇ ਨਾਲ ਸ਼ੁਰੂ ਹੋਵੇਗਾ, ਜੋ ਕਿ ਸਮੁੰਦਰ ਮੰਥਨ ਅਤੇ ਸਮੁੰਦਰ ਦੇ ਉਭਾਰ ਵਰਗੀਆਂ ਪ੍ਰਤੀਕਾਤਮਕ ਘਟਨਾਵਾਂ ਨੂੰ ਦਰਸਾਇਆ ਜਾਵੇਗਾ| ਇਸੇ ਤਰ੍ਹਾਂ ਦਾ ਡਰੋਨ ਸ਼ੋਅ 26 ਫਰਵਰੀ ਨੂੰ ਅੰਮ੍ਰਿਤ ਕਲਸ਼ ਪ੍ਰੋਗਰਾਮ ਨਾਲ ਸਮਾਪਤ ਹੋਵੇਗਾ।
ਮਹਾਂਕੁੰਭ ਦਾ 12 ਸਾਲ ਦਾ ਚੱਕਰ ਹੁੰਦਾ ਹੈ – ਜੋ ਹਰਿਦੁਆਰ ਦੀ ਗੰਗਾ ਨਦੀ ਦੇ ਕੰਢੇ ਤੋਂ ਸ਼ੁਰੂ ਹੁੰਦਾ ਹੈ, ਫਿਰ ਉਜੈਨ, ਨਾਸਿਕ ਅਤੇ ਪ੍ਰਯਾਗਰਾਜ ਦੇ ਮਹਾਂਕੁੰਭ ਨਾਲ ਖਤਮ ਹੁੰਦਾ ਹੈ। ਛੇ ਸਾਲ ਪੂਰੇ ਹੋਣ ਤੋਂ ਬਾਅਦ, ਹਰਿਦੁਆਰ ਅਤੇ ਪ੍ਰਯਾਗਰਾਜ ‘ਚ ਅਰਧ ਕੁੰਭ ਮਨਾਇਆ ਜਾਂਦਾ ਹੈ। ਇਸ ਸਮਾਗਮ ਦੀਆਂ ਤਾਰੀਖਾਂ ਹਿੰਦੂ ਕੈਲੰਡਰ ‘ਚ ਦਰਜ ਚੰਦਰਮਾ, ਸੂਰਜ ਅਤੇ ਬ੍ਰਹਿਸਪਤੀ ਦੀਆਂ ਗਤੀਵਿਧੀਆਂ ਦੇ ਆਧਾਰ ‘ਤੇ ਤੈਅ ਕੀਤੀਆਂ ਜਾਂਦੀਆਂ ਹਨ।
ਜੇਕਰ ਤੁਸੀਂ ਵੀ ਪ੍ਰਯਾਗਰਾਜ ‘ਚ ਹੋਣ ਵਾਲੇ ਮਹਾਂਕੁੰਭ ‘ਚ ਜਾ ਰਹੇ ਹੀ ਤਾਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ |
ਮਹਾਂਕੁੰਭ ਦੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਓ
ਇਹ ਯਕੀਨੀ ਬਣਾਉਣ ਲਈ ਕਿ ਸਭ ਕੁਝ ਸੁਚਾਰੂ ਢੰਗ ਨਾਲ ਚੱਲੇ ਅਤੇ ਆਖਰੀ ਸਮੇਂ ਦੇ ਤਣਾਅ ਨੂੰ ਘੱਟ ਕੀਤਾ ਜਾ ਸਕੇ, ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪਹਿਲਾਂ ਤੋਂ ਯੋਜਨਾ ਬਣਾਉਣੀ ਚਾਹੀਦੀ ਹੈ। ਕਿਸੇ ਨੂੰ ਪਹਿਲਾਂ ਤੋਂ ਹੀ ਰਿਹਾਇਸ਼ ਦੀ ਯੋਜਨਾ ਬਣਾਉਣੀ ਚਾਹੀਦੀ ਹੈ, ਦਿਨ ਦੇ ਸ਼ੁਰੂ ‘ਚ ਯਾਤਰਾ ਕਰਨੀ ਚਾਹੀਦੀ ਹੈ ਅਤੇ ਜ਼ਰੂਰੀ ਚੀਜ਼ਾਂ ਪੈਕ ਕਰਕੇ ਜਾਓ |
ਛੇ ਸ਼ੁਭ ਇਸ਼ਨਾਨ ਦਿਨ
ਮਹਾਂਕੁੰਭ ਦੌਰਾਨ ਛੇ ਸ਼ੁਭ ਇਸ਼ਨਾਨ ਦਿਨ ਹੁੰਦੇ ਹਨ, ਜਿਨ੍ਹਾਂ ‘ਚ ਤਿੰਨ ਵੱਡੇ ਸ਼ਾਹੀ ਇਸ਼ਨਾਨ (ਅਤੇ ਤਿੰਨ ਵਾਧੂ ਇਸ਼ਨਾਨ ਦਿਨ ਸ਼ਾਮਲ ਹਨ:
13 ਜਨਵਰੀ (ਸੋਮਵਾਰ) – ਇਸ਼ਨਾਨ, ਪੌਸ਼ ਪੂਰਨਿਮਾ
14 ਜਨਵਰੀ (ਮੰਗਲਵਾਰ) – ਸ਼ਾਹੀ ਇਸ਼ਨਾਨ, ਮਕਰ ਸਕ੍ਰਾਂਤੀ
29 ਜਨਵਰੀ (ਬੁੱਧਵਾਰ) – ਸ਼ਾਹੀ ਇਸ਼ਨਾਨ, ਮੌਨੀ ਅਮਾਵਸਿਆ
3 ਫਰਵਰੀ (ਸੋਮਵਾਰ) – ਸ਼ਾਹੀ ਇਸ਼ਨਾਨ, ਬਸੰਤ ਪੰਚਮੀ
12 ਫਰਵਰੀ (ਬੁੱਧਵਾਰ) – ਇਸ਼ਨਾਨ, ਮਾਘੀ ਪੂਰਨਿਮਾ
26 ਫਰਵਰੀ (ਬੁੱਧਵਾਰ) – ਇਸ਼ਨਾਨ, ਮਹਾਂਸ਼ਿਵਰਾਤਰੀ
ਸਰਦੀਆਂ ਦੇ ਕੱਪੜੇ ਜਰੂਰ ਕੇ ਜਾਓ
ਮਹਾਕੁੰਭ ਦੌਰਾਨ ਸੰਗਮ ਦੇ ਆਲੇ-ਦੁਆਲੇ ਦਾ ਇਲਾਕਾ ਬਹੁਤ ਠੰਡਾ ਹੋ ਸਕਦਾ ਹੈ, ਇਸ ਲਈ ਗਰਮ ਕੱਪੜੇ ਜਿਵੇਂ ਕਿ ਇਨਰ, ਜ਼ੁਰਾਬਾਂ, ਸਕਾਰਫ਼, ਦਸਤਾਨੇ, ਟੋਪੀਆਂ ਅਤੇ ਗਰਮ ਕੋਟ ਜਰੂਰ ਲੈਕੇ ਜਾਓ। ਮਹਾਂਕੁੰਭ ਦੌਰਾਨ ਮੌਸਮ ਅਚਾਨਕ ਬਦਲ ਸਕਦਾ ਹੈ ਅਤੇ ਮੀਂਹ ਪੈ ਸਕਦਾ ਹੈ, ਇਸ ਲਈ ਛੱਤਰੀ ਜ਼ਰੂਰ ਲੈ ਕੇ ਜਾਓ |
ਰੇਲਗੱਡੀਆਂ ‘ਚ ਯਾਤਰਾ ਕਰਨਾ
ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਸੰਭਾਲਣ ਲਈ ਭਾਰਤੀ ਰੇਲਵੇ ਨੇ ਰੇਲਗੱਡੀਆਂ ਸ਼ੁਰੂ ਕੀਤੀਆਂ ਹਨ | ਇਸ ਲਈ 13,000 ਤੋਂ ਵੱਧ ਰੇਲਗੱਡੀਆਂ ਦਾ ਸਮਾਂ ਨਿਰਧਾਰਤ ਕੀਤਾ ਹੈ। ਇਸ ‘ਚ 10,000 ਨਿਯਮਤ ਸੇਵਾਵਾਂ, 3,000 ਸਪੈਸ਼ਲ ਰੇਲ ਗੱਡੀਆਂ ਅਤੇ 560 ਰਿੰਗ ਰੇਲ ਗੱਡੀਆਂ ਸ਼ਾਮਲ ਹਨ ਜੋ ਪ੍ਰਯਾਗਰਾਜ ਅਤੇ ਨੇੜਲੇ ਸ਼ਹਿਰਾਂ ਜਿਵੇਂ ਕਿ ਅਯੁੱਧਿਆ, ਵਾਰਾਣਸੀ, ਜੌਨਪੁਰ ਅਤੇ ਚਿੱਤਰਕੂਟ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣਗੀਆਂ। ਇਸਦੇ ਨਾਲ ਹੀ ਚੰਡੀਗੜ੍ਹ ਅਤੇ ਅੰਬਾਲਾ ਤੋਂ ਪ੍ਰਯਾਗਰਾਜ ਲਈ ਰੇਲ ਗੱਡੀਆਂ ਜਾਂਦੀਆਂ ਹਨ | ਚੰਡੀਗੜ੍ਹ ਤੋਂ ਪ੍ਰਯਾਗਰਾਜ ਲਈ ਦੁਪਹਿਰ ਤੋਂ 12:15 ਵਜੇ ਤੋਂ ਟਰੇਨਾਂ ਸ਼ੁਰੂ ਹਨ ਅਤੇ ਪ੍ਰਯਾਗਰਾਜ ਪਹੁੰਚਣ ਲਈ ਲਗਭੱਗ 12 ਘੰਟੇ ਲੱਗਣਗੇ |
ਮਹਾਕੁੰਭ ‘ਚ ਸੁਰੱਖਿਆ ਪ੍ਰਬੰਧ
ਮਹਾਕੁੰਭ ਸਥਾਨ ਅਤੇ ਪ੍ਰਯਾਗਰਾਜ ‘ਚ ਲਗਭਗ 2,300 ਸੀਸੀਟੀਵੀ ਕੈਮਰੇ ਲਗਾਏ ਜਾਣਗੇ ਕਿਉਂਕਿ ਇਹ ਭੀੜ ਨੂੰ ਕੰਟਰੋਲ ਕਰਨ, ਘਟਨਾ ਦੀ ਰਿਪੋਰਟਿੰਗ ਅਤੇ ਕੰਟਰੋਲ ਕੇਂਦਰਾਂ ਰਾਹੀਂ ਸਫਾਈ ਨਿਗਰਾਨੀ ‘ਚ ਮੱਦਦ ਕਰੇਗਾ।
ਆਪਣਾ ਪਛਾਣ ਪੱਤਰ ਨਾਲ ਜਰੂਰ ਰੱਖੋ
ਜੇਕਰ ਤੁਸੀਂ ਕਿਸੇ ਵੱਡੀ ਭੀੜ ‘ਚ ਗੁੰਮ ਹੋ ਜਾਂਦੇ ਹੋ, ਤਾਂ ਆਪਣੇ ਨਾਲ ਇੱਕ ਪਛਾਣ ਪੱਤਰ ਜਰੂਰ ਰੱਖੋ, ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ ਜਾਂ ਪੈਨ ਕਾਰਡ। ਇਸਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੀ ਫੋਟੋ ਅਤੇ ਸੰਪਰਕ ਜਾਣਕਾਰੀ ਸ਼ਾਮਲ ਕਰੋ।
ਮਹਾਂਕੁੰਭ ਮੇਲੇ ‘ਚ ਪਖਾਨਿਆਂ ਅਤੇ ਪਾਰਕਿੰਗ ਦੇ ਪ੍ਰਬੰਧ
ਮਹਾਂਕੁੰਭ ਮੇਲੇ 2025 ਲਈ 1.5 ਲੱਖ ਪਖਾਨੇ, 30 ਪੋਂਟੂਨ ਪੁਲ ਅਤੇ 13 ਅਖਾੜੇ ਸਥਾਪਤ ਕੀਤੇ ਗਏ ਹਨ। 5,000 ਏਕੜ ਪਾਰਕਿੰਗ, 550 ਸ਼ਟਲ ਬੱਸਾਂ, 300 ਇਲੈਕਟ੍ਰਿਕ ਬੱਸਾਂ, 3,000 ਵਿਸ਼ੇਸ਼ ਰੇਲਗੱਡੀਆਂ ਅਤੇ 14 ਨਵੀਆਂ ਉਡਾਣਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਮਹਾਂਕੁੰਭ ’ਚ ਕਾਲ ਸੈਂਟਰ ਦੀ ਵਿਵਸਥਾ
ਮਹਾਂਕੁੰਭ ਲਈ ਇੱਕ ਕਾਲ ਸੈਂਟਰ ਸਿਸਟਮ ਦਾ ਪ੍ਰਬੰਧ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਵੀ ਸਾਂਝੀ ਕੀਤੀ ਜਾਵੇਗੀ ਅਤੇ ਜਾਣਕਾਰੀ ਨੂੰ ਵਿਸ਼ਾਲ ਸਕ੍ਰੀਨਾਂ ‘ਤੇ ਫਲੈਸ਼ ਕੀਤਾ ਜਾਵੇਗਾ | ਸ਼ਰਧਾਲੂ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਪ੍ਰਾਪਤ ਕਰ ਸਕਣਗੇ, ਜਿਸ ਨਾਲ ਮਹਾਂਕੁੰਭ ’ਚ ਉਨ੍ਹਾਂ ਦੀ ਯਾਤਰਾ ਸੁਚਾਰੂ ਹੋ ਸਕੇਗੀ।