Site icon TheUnmute.com

Madhya Pradesh CM: ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

Mohan Yadav

ਚੰਡੀਗੜ੍ਹ, 11 ਦਸੰਬਰ 2023: ਮੱਧ ਪ੍ਰਦੇਸ਼ ‘ਚ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਆਖਰਕਾਰ ਖ਼ਤਮ ਹੋ ਗਿਆ ਹੈ। ਮੋਹਨ ਯਾਦਵ (Mohan Yadav) ਦੇ ਨਾਂ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਤੋਂ ਪਹਿਲਾਂ ਭਾਜਪਾ ਹਾਈਕਮਾਂਡ ਨੇ ਮਨੋਹਰ ਲਾਲ ਖੱਟਰ, ਡਾ. ਕੇ ਲਕਸ਼ਮਣ ਅਤੇ ਆਸ਼ਾ ਲਕੜਾ ਨੂੰ ਅਬਜ਼ਰਵਰ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਚੋਣ ਦੀ ਜ਼ਿੰਮੇਵਾਰੀ ਸੌਂਪੀ ਸੀ। ਅਬਜ਼ਰਵਰਾਂ ਦੀ ਮੌਜੂਦਗੀ ‘ਚ ਸੋਮਵਾਰ ਨੂੰ ਹੋਈ ਵਿਧਾਇਕ ਦਲ ਦੀ ਬੈਠਕ ‘ਚ ਮੋਹਨ ਯਾਦਵ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਮੋਹਨ ਯਾਦਵ (Mohan Yadav) ਉਜੈਨ ਦੱਖਣੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ਵਿੱਚ ਦੋ ਉਪ ਮੁੱਖ ਮੰਤਰੀ ਵੀ ਹੋਣਗੇ। ਇਸ ਦੇ ਲਈ ਜੋ ਦੋ ਨਾਂ ਸਾਹਮਣੇ ਆ ਰਹੇ ਹਨ, ਉਹ ਹਨ ਜਗਦੀਸ਼ ਦਿਓੜਾ ਅਤੇ ਰਾਜੇਸ਼ ਸ਼ੁਕਲਾ। ਜਗਦੀਸ਼ ਦਿਓੜਾ ਮਲਹਾਰਗੜ੍ਹ ਤੋਂ ਵਿਧਾਇਕ ਹਨ ਅਤੇ ਰਾਜੇਂਦਰ ਸ਼ੁਕਲਾ ਰੀਵਾ ਤੋਂ ਹਨ। ਇਸ ਤੋਂ ਇਲਾਵਾ ਸਪੀਕਰ ਦੇ ਅਹੁਦੇ ਲਈ ਨਰਿੰਦਰ ਸਿੰਘ ਤੋਮਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।

ਮੋਹਨ ਯਾਦਵ ਬਾਰੇ ਕੁਝ ਖ਼ਾਸ ਗੱਲਾਂ :

ਮੋਹਨ ਯਾਦਵ ਨੇ ਮਾਧਵ ਸਾਇੰਸ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਉਜੈਨ ਦੇ ਨਗਰ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਹੈ।

ਮੋਹਨ ਨੂੰ 1982 ਵਿੱਚ ਵਿਦਿਆਰਥੀ ਯੂਨੀਅਨ ਦਾ ਸਹਿ-ਸਕੱਤਰ ਵੀ ਚੁਣਿਆ ਗਿਆ ਸੀ।

ਉਹ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਮੱਧ ਪ੍ਰਦੇਸ਼ ਦੀ ਸਿੰਹਸਥ ਕਮੇਟੀ ਦੇ ਮੈਂਬਰ, ਮੱਧ ਪ੍ਰਦੇਸ਼ ਵਿਕਾਸ ਅਥਾਰਟੀ ਦੇ ਮੁਖੀ, ਪੱਛਮੀ ਰੇਲਵੇ ਬੋਰਡ ਵਿੱਚ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।

2013, 2018 ਤੋਂ ਬਾਅਦ ਹੁਣ ਉਹ 2023 ਵਿਚ ਵੀ ਉਜੈਨ ਦੱਖਣੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੇ ਹਨ।

ਭਾਜਪਾ ਨੂੰ ਮੱਧ ਪ੍ਰਦੇਸ਼ ‘ਚ ਭਾਰੀ ਬਹੁਮਤ

ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ 17 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਦੇ ਨਤੀਜੇ 30 ਨਵੰਬਰ ਨੂੰ ਜਾਰੀ ਕੀਤੇ ਗਏ ਸਨ। ਨਤੀਜਿਆਂ ‘ਚ ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 163 ਸੀਟਾਂ ਮਿਲੀਆਂ, ਜਦਕਿ ਕਾਂਗਰਸ ਨੂੰ ਸਿਰਫ 66 ਸੀਟਾਂ ‘ਤੇ ਹੀ ਸੰਤੁਸ਼ਟ ਹੋਣਾ ਪਿਆ।

Exit mobile version