ਚੰਡੀਗੜ 23 ਨਵੰਬਰ 2024: ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਪੁਲਿਸ (Ludhiana Police) ਨੇ ਸਾਂਝੇ ਆਪ੍ਰੇਸ਼ਨ ‘ਚ ਅੱਜ ਸ਼ਿਵ ਸੈਨਾ ਆਗੂਆਂ ਦੇ ਘਰਾਂ ‘ਤੇ ਪੈਟਰੋਲ ਬੰ.ਬ ਸੁੱਟਣ ਵਾਲੇ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਮੁਲਜ਼ਮ ਸਾਧੂ ਦੇ ਭੇਸ ‘ਚ ਧਾਰਮਿਕ ਸਥਾਨਾਂ ‘ਤੇ ਲੁਕਿਆ ਹੋਇਆ ਸੀ । ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਮੁਲਜ਼ਮ ਨਸ਼ੇ ਦਾ ਆਦੀ ਹੈ।
ਜਾਣਕਾਰੀ ਮੁਤਾਬਕ ਪੁਲਿਸ (Ludhiana Police) ਨੇ ਹਿੰਦੂ ਸੰਗਠਨ ਦੇ ਆਗੂਆਂ ਯੋਗੇਸ਼ ਬਖਸ਼ੀ ਅਤੇ ਹਰਕੀਰਤ ਸਿੰਘ ਖੁਰਾਣਾ ਦੇ ਘਰਾਂ ‘ਤੇ ਪੈਟਰੋਲ ਬੰ.ਬ ਸੁੱਟਣ ਦੇ ਦੋਸ਼ ‘ਚ ਲਵਪ੍ਰੀਤ ਸਿੰਘ ਉਰਫ ਮੋਨੂੰ ਬਾਬਾ ਨੂੰ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮੁਲਜ਼ਮ ਨੂੰ ਲਾਡੋਵਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਹੁਣ ਤੱਕ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਮੁਤਾਬਕ ਮੁਲਜ਼ਮ ਲਵਪ੍ਰੀਤ ਸਿੰਘ ਉਰਫ਼ ਮੋਨੂੰ ਉਰਫ਼ ਬਾਬਾ ਸ਼ਿਵ ਸੈਨਾ (ਹਿੰਦ) ਸਿੱਖ ਸੰਗਤ ਵਿੰਗ ਦੇ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ ਪੈਟਰੋਲ ਬੰ.ਬ ਸੁੱਟਣ ‘ਚ ਸ਼ਾਮਲ ਸੀ। ਬਾਬਾ ਨੇ ਰਵਿੰਦਰਪਾਲ ਸਿੰਘ ਰਵੀ ਅਤੇ ਅਨਿਲ ਕੁਮਾਰ ਉਰਫ ਸੰਨੀ ਨਾਲ ਮਿਲ ਕੇ 2 ਨਵੰਬਰ ਨੂੰ ਖੁਰਾਣਾ ਦੇ ਘਰ ਪੈਟਰੋਲ ਬੰ.ਬ ਸੁੱਟਿਆ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਮਾਡਲ ਟਾਊਨ ‘ਚ ਕੇਸ ਦਰਜ ਕੀਤਾ ਗਿਆ ਹੈ।