July 2, 2024 7:20 pm
ਲੁਧਿਆਣਾ

ਲੁਧਿਆਣਾ: ਪਿਤਾ ਨੇ ਆਪਣੇ ਮਤਰੇਏ ਪੁੱਤਰ ਦਾ ਕੀਤਾ ਕਤਲ, ਪਲਾਸਟਿਕ ਦੇ ਡਰੰਮ ‘ਚ ਦੱਬੀ ਲਾਸ਼

ਲੁਧਿਆਣਾ 17 ਦਸੰਬਰ 2022: ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸਲੇਮ ਟਾਬਰੀ ਥਾਣਾ ਖੇਤਰ ‘ਚ ਇੱਕ ਪਿਤਾ ਨੇ ਆਪਣੇ 20 ਸਾਲਾ ਮਤਰੇਏ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਬੇਟੇ ਦੀ ਲਾਸ਼ ਦੇ ਹੱਥ-ਪੈਰ ਬੰਨ੍ਹ ਕੇ ਪਲਾਸਟਿਕ ਦੇ ਡਰੰਮ ‘ਚ ਦੱਬ ਕੇ ਸੀਮਿੰਟ ਨਾਲ ਪਲਾਸਟਰ ਕਰ ਦਿੱਤਾ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।

ਮ੍ਰਿਤਕਾ ਦੀ ਮਾਂ ਗੀਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਵਿਆਹ ਵਿਵੇਕਾਨੰਦ ਮੰਡਲ ਉਰਫ ਸੱਪੂ ਮੰਡਲ ਨਾਲ ਹੋਇਆ ਸੀ ਅਤੇ ਪਹਿਲੇ ਪਤੀ ਤੋਂ ਉਸ ਦਾ ਇਕ ਬੇਟਾ ਪਿਊਸ਼ (20) ਹੈ, ਜੋ ਉਸ ਦੇ ਨਾਲ ਰਹਿੰਦਾ ਸੀ। ਅਕਸਰ ਹੀ ਉਸਦਾ ਪਿਤਾ ਪਿਊਸ਼ ਨਾਲ ਝਗੜਾ ਕਰਦਾ ਸੀ। ਇਸੇ ਦੁਸ਼ਮਣੀ ਕਾਰਨ ਉਸ ਦੇ ਪਤੀ ਨੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ।

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ 5 ਦਸੰਬਰ ਤੋਂ ਘਰੋਂ ਲਾਪਤਾ ਸੀ। ਜਦੋਂ ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਹਰ ਵਾਰ ਉਸ ਨੂੰ ਗੁੰਮਰਾਹ ਕਰਦਾ ਸੀ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਹ ਕਿਰਾਏ ਦੇ ਮਕਾਨ ਦੀ ਛੱਤ ‘ਤੇ ਗਈ, ਜਿੱਥੇ ਉਸ ਨੂੰ ਇਕ ਡਰੰਮ ਮਿਲਿਆ। ਇਸ ਡਰੰਮ ਵਿੱਚੋਂ ਬਦਬੂ ਆ ਰਹੀ ਸੀ। ਜਦੋਂ ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ ਤਾਂ ਉਸ ਨੇ ਡਰੰਮ ਦੀ ਭੰਨ-ਤੋੜ ਕੀਤੀ ਤਾਂ ਡਰੰਮ ਦੇ ਅੰਦਰੋਂ ਉਸ ਦੇ ਲੜਕੇ ਦੀ ਲਾਸ਼ ਨਿਕਲੀ। ਇਸ ਤੋਂ ਬਾਅਦ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ।

ਇਸ ਮੌਕੇ ‘ਤੇ ਪਹੁੰਚੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ.ਸੀ.ਪੀ ਮਨਿੰਦਰ ਬੇਦੀ ਨੇ ਦੱਸਿਆ ਕਿ 20 ਸਾਲਾ ਪਿਊਸ਼ ਦੀ ਲਾਸ਼ ਡਰੰਮ ‘ਚੋਂ ਮਿਲੀ ਹੈ, ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਕੇ ਦੇ ਪਿਤਾ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।