July 2, 2024 9:34 pm
LPG gas cylinder

LPG Gas Cylinder: ਹੁਣ ਐੱਲਪੀਜੀ ਗੈਸ ਸਿਲੰਡਰ ‘ਤੇ ਲੱਗੇਗਾ QR ਕੋਡ

ਚੰਡੀਗੜ੍ਹ 17 ਨਵੰਬਰ 2022: ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਡੇ ਘਰ ਪਹੁੰਚਣ ਵਾਲੇ ਐੱਲਪੀਜੀ ਸਿਲੰਡਰ (LPG Gas Cylinder) ‘ਤੇ ਇੱਕ ਕਿਊਆਰ ਕੋਡ (QR code) ਹੋਵੇਗਾ। ਭਾਰਤ ਸਰਕਾਰ ਨੇ ਐਲਪੀਜੀ ਗੈਸ ਸਿਲੰਡਰਾਂ ‘ਤੇ ਕਿਊਆਰ ਕੋਡ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਤੁਹਾਡੇ ਘਰ ਸਿਲੰਡਰ ਪਹੁੰਚਾਉਣ ਦੀ ਪ੍ਰਕਿਰਿਆ ਦੌਰਾਨ ਵਿਕਰੇਤਾ ਇਸ ਤੋਂ ਗੈਸ ਨਾ ਕੱਢ ਸਕਣ।

ਦੇਸ਼ ਵਿੱਚ ਲਗਭਗ 30 ਕਰੋੜ ਐਲਪੀਜੀ ਖਪਤਕਾਰ ਹਨ, ਜਦੋਂ ਕਿ ਗੈਸ ਸਿਲੰਡਰਾਂ ਦੀ ਗਿਣਤੀ ਲਗਭਗ 70 ਕਰੋੜ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਗਾਹਕ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਹਨ। ਜਿਵੇਂ-ਜਿਵੇਂ ਦੇਸ਼ ‘ਚ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ, ਉਸੇ ਤਰ੍ਹਾਂ ਸਿਲੰਡਰਾਂ ‘ਚੋਂ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਕੱਢਣ ਦੇ ਮਾਮਲੇ ਵੀ ਵਧ ਰਹੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੇ ਸਿਲੰਡਰਾਂ ਨੂੰ ਕਿਊਆਰ ਕੋਡ ਕਰਨ ਦਾ ਫੈਸਲਾ ਕੀਤਾ ਹੈ।

ਕਿਊਆਰ ਕੋਡ (QR code) ਵਾਲਾ ਸਿਲੰਡਰ ਹੋਣ ਨਾਲ ਗੈਸ ਚੋਰੀ ਹੋਣ ਦੇ ਮਾਮਲੇ ‘ਚ ਖਪਤਕਾਰਾਂ ਨੂੰ ਮਦਦ ਮਿਲੇਗੀ। ਦਰਅਸਲ, ਕਿਊਆਰ ਕੋਡ ਦੀ ਮਦਦ ਨਾਲ ਉਨ੍ਹਾਂ ਦੇ ਸਿਲੰਡਰਾਂ ਨੂੰ ਟਰੈਕ ਕੀਤਾ ਜਾ ਸਕਦਾ ਹੈ, ਜਿਸ ਨਾਲ ਸਿਲੰਡਰ ਵੰਡਣ ਦੀ ਪ੍ਰਕਿਰਿਆ ਦੌਰਾਨ ਗੈਸ ਚੋਰਾਂ ਦੀ ਪਛਾਣ ਕੀਤੀ ਜਾ ਸਕਦੀ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਸਾਰੇ ਐਲਪੀਜੀ ਗੈਸ ਸਿਲੰਡਰਾਂ ਨੂੰ ਕਿਊਆਰ ਕੋਡ ਨਾਲ ਲੈਸ ਕਰਨ ਜਾ ਰਹੀ ਹੈ। ਅਜਿਹਾ ਕਰਨ ਨਾਲ ਗੈਸ ਸਿਲੰਡਰਾਂ ਦੀ ਟਰੈਕਿੰਗ ਆਸਾਨ ਹੋ ਜਾਵੇਗੀ ਅਤੇ ਗੈਸ ਚੋਰੀ ਕਰਨ ਵਾਲੇ ਫੜੇ ਜਾਣਗੇ। ਦੂਜੇ ਸ਼ਬਦਾਂ ਵਿੱਚ, ਇਹ ਕਿਊਆਰ ਕੋਡ ਬਿਲਕੁਲ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਇੱਕ ਆਧਾਰ ਕਾਰਡ ਮਨੁੱਖ ਲਈ ਕੰਮ ਕਰਦਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਆਉਣ ਵਾਲੇ ਸਮੇਂ ‘ਚ ਕਿਊਆਰ ਕੋਡ ਨਾਲ ਲੈਸ ਹਰ ਸਿਲੰਡਰ ਦੀ ਆਪਣੀ ਵੱਖਰੀ ਪਛਾਣ ਹੋਵੇਗੀ।